ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਕੀਤਾ ਨਿਰੀਖਣ ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦਾ ਕੀਤਾ ਨਿਰੀਖਣ
Publish Date: Mon, 02 Nov 2026 06:39 PM (IST)
Updated Date: Tue, 03 Nov 2026 04:02 AM (IST)
ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ : ਡਾ. ਸੰਗੀਤਾ ਜੈਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਸੋਮਵਾਰ ਨੂੰ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਐਮਰਜੈਂਸੀ ਬਲਾਕ ਸਮੇਤ ਅਪਰੇਸ਼ਨ ਥੀਏਟਰ, ਮਾਈਨਰ ਓਟੀ, ਲੈਬਾਰਟਰੀ, ਓਪੀਡੀ ਅਤੇ ਵੱਖ-ਵੱਖ ਵਾਰਡਾਂ ਦਾ ਬਰੀਕੀ ਨਾਲ ਨਿਰੀਖਣ ਕੀਤੀ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਨੇ ਹਸਪਤਾਲ ਦੇ ਬੁਨਿਆਦੀ ਢਾਂਚੇ, ਬੈੱਡਾਂ ਦੀ ਉਪਲਬਧਤਾ, ਮੈਡੀਕਲ ਉਪਕਰਨਾਂ ਦੀ ਸਥਿਤੀ, ਸਫ਼ਾਈ ਵਿਵਸਥਾ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਮੁਆਇਨਾ ਕੀਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਪੈਰਾ ਮੈਡੀਕਲ ਸਟਾਫ਼ ਅਤੇ ਦਫ਼ਤਰੀ ਸਟਾਫ਼ ਨਾਲ ਗੱਲਬਾਤ ਕਰਕੇ ਸਬੰਧਤ ਵਿਭਾਗਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਡਾ. ਸੰਗੀਤਾ ਜੈਨ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਆਉਣ ਵਾਲੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਸਫ਼ਾਈ, ਬੈੱਡਾਂ ਦੀ ਉਪਲਬਧਤਾ ਅਤੇ ਮੈਡੀਕਲ ਉਪਕਰਨਾਂ ਦੀ ਸਹੀ ਕਾਰਜਸ਼ੀਲਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਿਨਾਂ ਕਿਸੇ ਮੁਸ਼ਕਲ ਤੋਂ ਸਮੇਂ ਸਿਰ ਇਲਾਜ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਸਾਰੇ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਜ਼ੋਰ ਦਿੰਦਿਆਂ ਜਵਾਬਦੇਹੀ ਤੈਅ ਕਰਨ ਦੀ ਗੱਲ ਆਖੀ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ’ਚ ਸੇਵਾਵਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਨਿਯਮਤ ਨਿਰੀਖਣ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ ਤਾਂ ਕਿ ਆਮ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ। ਇਸ ਮੌਕੇ ਐੱਸਐੱਮਓ ਡਾ. ਪਰਮਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰਨਜੋਤ ਕੌਰ ਵੀ ਮੌਜੂਦ ਸਨ।