ਮਾਰਕੀਟ ਦੇ ਪਿੱਛੇ ਗੰਦਗੀ ਤੇ ਮਲਬਾ ਸੁੱਟਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਮਾਰਕੀਟ ਦੇ ਪਿੱਛੇ ਗੰਦਗੀ ਤੇ ਮਲਬਾ ਸੁੱਟਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ,
Publish Date: Sun, 19 Jul 2026 07:49 PM (IST)
Updated Date: Mon, 20 Jul 2026 04:08 AM (IST)
‘ਆਪ’ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਮੌਕੇ ਦਾ ਜਾਇਜ਼ਾ ਲਿਆ, ਸਫ਼ਾਈ ਕਰਵਾਈ ਸ਼ੋਅਰੂਮਾਂ ਦੇ ਪਿੱਛੇ ਗੰਦਗੀ ਸੁੱਟਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਮੰਗੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼-5 ਦੀ ਮਾਰਕੀਟ ਦੇ ਸ਼ੋਅਰੂਮਾਂ ਦੇ ਪਿੱਛੇ ਸੜਕ ’ਤੇ ਗੰਦਾ ਪਾਣੀ ਖੜਨ, ਗੰਦਗੀ ਸੁੱਟਣ ਅਤੇ ਸੜਕ ’ਤੇ ਪਏ ਮਲਬੇ ਕਾਰਨ ਰਿਹਾਇਸ਼ੀ ਖੇਤਰ ਦੇ ਲੋਕ ਕਾਫ਼ੀ ਤੰਗ ਪਰੇਸ਼ਾਨ ਹਨ। ਸ਼ਹਿਰ ਵਾਸੀ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਤੋਂ ਔਖੇ ਹਨ ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਬੇਸ਼ੁਮਾਰ ਗੰਦਗੀ ਦੇਖ ਕੇ ਕੌਂਸਲਰ ਖ਼ੁਦ ਵੀ ਦੰਗ ਰਹਿ ਗਏ। ਉਨ੍ਹਾਂ ਤੁਰੰਤ ਜੇਸੀਬੀ ਮੰਗਵਾ ਕੇ ਸਫ਼ਾਈ ਕਰਵਾਈ ਅਤੇ ਨਾਜਾਇਜ਼ ਕਬਜ਼ੇ ਹਟਾਏ ਅਤੇ ਦੁਕਾਨਦਾਰਾਂ ਨੂੰ ਵੀ ਤਾੜਨਾ ਕੀਤੀ। ਗੁਰਮੁੱਖ ਸੋਹਲ ਨੇ ਮੌਕੇ ’ਤੇ ਹੀ ਮੁਹਾਲੀ ਨਗਰ ਨਿਗਮ ਦੇ ਸੈਨੇਟਰੀ ਵਿਭਾਗ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਜਿਹੜੇ ਦੁਕਾਨਦਾਰਾਂ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਸੜਕ ਅਤੇ ਹੋਟਲ ਅਤੇ ਢਾਬਿਆਂ ਵਾਲਿਆਂ ਸਮੇਤ ਹੋਰਨਾਂ ਵੱਲੋਂ ਸ਼ੋਅਰੂਮਾਂ ਦੇ ਪਿੱਛੇ ਗੰਦਗੀ ਅਤੇ ਮਲਬਾ ਸੁੱਟਿਆ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਗੁਰਮੁੱਖ ਸੋਹਲ ਨੇ ਦੱਸਿਆ ਕਿ ਫੇਜ਼-5 ਦੇ ਵਸਨੀਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮਾਰਕੀਟ ਦੇ ਪਿੱਛੇ ਸੜਕ ’ਤੇ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਰਿਹਾਇਸ਼ੀ ਇਲਾਕੇ ਵਿਚ ਬਦਬੂ ਫੈਲ ਰਹੀ ਹੈ। ਨਾਲ ਹੀ ਸੜਕ ’ਤੇ ਸੁੱਟੇ ਮਲਬੇ ਕਾਰਨ ਸੜਕ ਵਰਤੋਂ ਯੋਗ ਨਹੀਂ ਰਹੀ ਹੈ। ਲਿਹਾਜ਼ਾ ਦੀ ਸਫ਼ਾਈ ਕਰਵਾਈ ਜਾਵੇ। ‘ਆਪ’ ਆਗੂ ਨੇ ਕਿਹਾ ਕਿ ਇਸ ਥਾਂ ਉੱਤੇ ਸੀਵਰੇਜ ਦੇ ਉਵਰਫਲੋ ਦੀ ਸ਼ਿਕਾਇਤ ਨਹੀਂ ਹੈ, ਬਲਕਿ ਮਾਰਕੀਟ ਵਿਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਇੱਥੇ ਗੰਦਾ ਪਾਣੀ ਛੱਡਿਆ ਜਾ ਰਿਹਾ ਸੀ ਅਤੇ ਰਹਿੰਦ ਖੂੰਹਦ ਸੁੱਟੀ ਜਾ ਰਹੀ, ਜਿਸ ਕਾਰਨ ਹਾਲਾਤ ਬਦਤਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਦੇ ਸਟਾਫ਼ ਨੂੰ ਮੌਕੇ ’ਤੇ ਬੁਲਾ ਕੇ ਸਫ਼ਾਈ ਕਰਵਾਈ ਅਤੇ ਜੇਸੀਬੀ ਮਸ਼ੀਨ ਨਾਲ ਮਲਬਾ ਚੁੱਕਿਆ ਗਿਆ ਹੈ। ਇਸ ਨਾਲ ਹੁਣ ਰਿਹਾਇਸ਼ੀ ਖੇਤਰ ਦੇ ਲੋਕਾਂ ਦੀ ਸਮੱਸਿਆ ਹੱਲ ਹੋ ਗਈ ਹੈ।