ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੁਹਾਲੀ ’ਚੋਂ ਤਿੰਨ ਬੱਸਾਂ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ : ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ’ਚੋਂ ਤਿੰਨ ਬੱਸਾਂ ਨੂੰ ਕੀਤਾ ਰਵਾਨਾ,
Publish Date: Mon, 20 Jul 2026 06:18 PM (IST)
Updated Date: Mon, 20 Jul 2026 06:19 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸੋਮਵਾਰ ਨੂੰ ਮੁਹਾਲੀ ’ਚੋਂ ਸ਼ਰਧਾਲੂਆਂ ਦੀਆਂ ਤਿੰਨ ਬੱਸਾਂ ਰਵਾਨਾ ਕੀਤੀਆਂ ਗਈਆਂ। ਪਹਿਲੀ ਬੱਸ ਸੈਕਟਰ-114, ਦੂਜੀ ਬੱਸ ਸੈਕਟਰ-69 ਅਤੇ ਤੀਜੀ ਬੱਸ ਪਿੰਡ ਨੰਡਿਆਲੀ ਤੋਂ ਰਵਾਨਾ ਕੀਤੀ ਗਈ। ਸੈਕਟਰ-114 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਸ਼ਰਧਾਲੂ ਇਕੱਠੇ ਤਿੰਨ ਦਿਨ ਸੰਗਤ ਦੇ ਰੂਪ ’ਚ ਯਾਤਰਾ ’ਤੇ ਜਾਂਦੇ ਹਨ, ਤਾਂ ਇਨ੍ਹਾਂ ’ਚ ਆਪਸੀ ਭਾਈਚਾਰਕ ਸਾਂਝ ਦਾ ਦਾਇਰਾ ਹੋਰ ਵੱਡਾ ਹੁੰਦਾ ਹੈ ਤੇ ਉਹ ਆਪਣੇ ਨਿੱਜੀ ਅਤੇ ਸਮਾਜਿਕ ਸਮਾਗਮਾਂ ’ਚ ਸਾਂਝੇ ਤੌਰ ’ਤੇ ਵਿਚਰਨ ਲੱਗ ਜਾਂਦੇ ਹਨ। ਇਸ ਸਾਂਝ ਦੇ ਚੱਲਦਿਆਂ ਸਮੁੱਚਾ ਚੌਗਿਰਦਾ ਰੁਸ਼ਨਾ ਉੱਠਦਾ ਹੈ, ਜੋ ਇਕ ਉਸਾਰੂ ਸਮਾਜ ਦੀ ਸਿਰਜਣਾ ’ਚ ਬਿਹਤਰ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਪਹਿਲਾਂ ਹੀ ਆਪਣੇ ਚੋਣ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ, ਉੱਥੇ ਹੁਣ ਔਰਤਾਂ ਦੇ ਖਾਤੇ ’ਚ 1000 ਤੇ 1500 ਰੁਪਏ ਪਾਉਣ ਦੀ ਸਕੀਮ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ’ਚ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੇ ਲੋਕਾਂ ਤੋਂ ਵਿਚਾਰ ਜਾਨਣ ਲਈ ਪਿੰਡਾਂ ’ਚ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਮੁਹਾਲੀ ਕੋਆਰਡੀਨੇਟਰ ਫੂਲਰਾਜ ਸਿੰਘ ਨੇ ਦੱਸਿਆ ਕਿ ਬੇਸ਼ੱਕ ਅੱਜ ਬਾਰਿਸ਼ ਕਾਰਨ ਮੌਸਮ ਕਾਫ਼ੀ ਖ਼ਰਾਬ ਸੀ ਪਰ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਚਿਹਰੇ ’ਤੇ ਖੁਸ਼ੀ ਤੇ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਰਜਿਸਟਰੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ। ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਅਰੁਣਾ ਵਸ਼ਿਸ਼ਟ, ਰਾਜੀਵ ਵਸ਼ਿਸ਼ਟ, ਸਰਪੰਚ ਦਵਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਕਰਮਜੀਤ ਸਿੰਘ- ਦੁਰਾਲੀ, ਖੁਸ਼ਵੀਰ ਕੌਰ, ਮੈਡਮ ਸੁਖਵਿੰਦਰ ਕੌਰ, ਤਰਲੋਚਨ ਸਿੰਘ ਤੌਚੀ ਸਰਪੰਚ, ਇੰਦਰਜੀਤ ਸਿੰਘ ਬਰਾੜੀ, ਗੁਰਿੰਦਰਜੀਤ ਸਿੰਘ, ਸਿਮਰਨਜੀਤ ਸਿੰਘ, ਰੁਪਿੰਦਰ ਸਿੰਘ, ਸਤਵਿੰਦਰ ਸਿੰਘ ਲਾਲਾ, ਗੁਰਜੰਟ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਐਡਵੋਕੇਟ ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ-69, ਬਲਪ੍ਰੀਤ ਸਿੰਘ ਪੱਡਾ, ਹਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ।