ਮੁੱਖ ਮੰਤਰੀ ਤੀਰਥ ਯਾਤਰਾ: ਵਿਧਾਇਕ ਵੱਲੋਂ ਮੁਹਾਲੀ ਹਲਕੇ 'ਚੋਂ 3 ਬੱਸਾਂ ਰਵਾਨਾ, ਆਉਣ ਵਾਲੇ ਦਿਨਾਂ 'ਚ ਰੋਜ਼ਾਨਾ ਚੱਲਣਗੀਆਂ 6 ਬੱਸਾਂ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ੁੱਕਰਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਤਿੰਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਿੰਡ ਤੋਂ ਸ਼ਰਧਾਲੂਆਂ ਦੀਆਂ ਦੋ ਬੱਸਾਂ ਰਵਾਨਾ ਹੋਣ, ਜੋ ਸਾਡੇ ਲਈ ਬੇਹੱਦ ਸਕੂਨ ਅਤੇ ਤਸੱਲੀ ਭਰੀ ਗੱਲ ਹੈ ਅਤੇ ਸ਼ਰਧਾਲੂਆਂ ਦੀ ਤੀਜੀ ਬੱਸ ਪਿੰਡ ਗਿੱਦੜਪੁਰ ਤੋਂ ਰਵਾਨਾ ਕੀਤੀ ਗਈ।
Publish Date: Sat, 18 Jul 2026 11:55 AM (IST)
Updated Date: Sat, 18 Jul 2026 11:58 AM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ। ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ੁੱਕਰਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਤਿੰਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਿੰਡ ਤੋਂ ਸ਼ਰਧਾਲੂਆਂ ਦੀਆਂ ਦੋ ਬੱਸਾਂ ਰਵਾਨਾ ਹੋਣ, ਜੋ ਸਾਡੇ ਲਈ ਬੇਹੱਦ ਸਕੂਨ ਅਤੇ ਤਸੱਲੀ ਭਰੀ ਗੱਲ ਹੈ ਅਤੇ ਸ਼ਰਧਾਲੂਆਂ ਦੀ ਤੀਜੀ ਬੱਸ ਪਿੰਡ ਗਿੱਦੜਪੁਰ ਤੋਂ ਰਵਾਨਾ ਕੀਤੀ ਗਈ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲਾਂ ਹਲਕੇ ’ਚੋਂ ਸਿਰਫ਼ ਇਕ ਬੱਸ ਹੀ ਜਾਂਦੀ ਸੀ, ਬਾਅਦ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਰੋਜ਼ਾਨਾ ਦੋ ਬੱਸਾਂ ਜਾਣੀਆਂ ਸ਼ੁਰੂ ਹੋ ਗਈਆਂ ਅਤੇ ਹੁਣ ਰੋਜ਼ਾਨਾ ਤਿੰਨ ਬੱਸਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਾ ਰਹੀਆਂ ਹਨ। ਸੀਨੀਅਰ ਸਿਟੀਜ਼ਨ ਦੀ ਸਹੂਲਤ ਲਈ ਬੱਸਾਂ ’ਚ ਮੈਡੀਕਲ ਟੀਮ ਅਤੇ ਗਾਈਡ ਤਾਇਨਾਤ ਰਹਿੰਦੇ ਹਨ, ਠਹਿਰਾਉਣ ਲਈ ਹੋਟਲ ’ਚ ਏਸੀ ਕਮਰੇ ਬੁੱਕ ਕੀਤੇ ਜਾਂਦੇ ਹਨ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਰਾਮ ਤੀਰਥ ਵਾਲਮੀਕਿ ਮੰਦਰ, ਬਾਘਾ ਬਾਰਡਰ ਅਤੇ ਜ਼ਿਲ੍ਹਿਆਂਵਾਲਾ ਬਾਗ਼ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਸ਼ਰਧਾਲੂਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਆਉਂਦੇ ਦਿਨਾਂ ’ਚ ਮੁਹਾਲੀ ਹਲਕੇ ’ਚੋਂ ਰੋਜ਼ਾਨਾ 6 ਬੱਸਾਂ ਤੀਰਥ ਯਾਤਰਾ ’ਤੇ ਜਾਇਆ ਕਰਨਗੀਆਂ।
ਇਸ ਮੌਕੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਵੱਡੀ ਗਿਣਤੀ ’ਚ ਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਨਾਲ ਆਮ ਨਾਗਰਿਕਾਂ ਵਿਚ ਆਪਸੀ ਭਾਈਚਾਰਕ ਸਾਂਝ ਵੀ ਵਧੇਰੇ ਮਜ਼ਬੂਤ ਹੋ ਰਹੀ ਹੈ, ਕਿਉਂਕਿ ਸੀਨੀਅਰ ਸਿਟੀਜ਼ਨ ਦੋ ਤਿੰਨ ਦਿਨ ਇਕੱਠੇ ਰਹਿੰਦੇ ਹਨ ਅਤੇ ਉਹ ਇਕ ਦੂਜੇ ਨਾਲ ਆਪਣੇ ਦੁੱਖ ਸੁੱਖ ਵੀ ਫਰੋਲ ਲੈਂਦੇ ਹਨ।
ਇਸ ਮੌਕੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਸਤਨਾਮ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਰਣਦੀਪ ਸਿੰਘ ਬੈਦਵਾਨ, ਅਕਵਿੰਦਰ ਸਿੰਘ ਗੋਸਲ, ਨਰਿੰਦਰਪਾਲ ਧਾਲੀਵਾਲ, ਬਲਜੀਤ ਸਿੰਘ ਅਤੇ ਪ੍ਰਗਟ ਸਿੰਘ ਵੀ ਹਾਜ਼ਰ ਸਨ।