- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
27 ਅਕਤੂਬਰ, 2026 ਨੂੰ ਜਾਰੀ ਕਾਨੂੰਨੀ ਨੋਟਿਸ ਮੁਤਾਬਕ, ਮਜੀਠੀਆ ਨੇ 26 ਅਕਤੂਬਰ ਨੂੰ ਆਪਣੇ ਵ੍ਰੀਫਾਈਡ ਐਕਸ (X) ਹੈਂਡਲ ਤੋਂ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਵਿੱਚ ਘੁੰਮਣ ਦਾ ਨਾਮ ਲੈਂਦਿਆਂ ਉਨ੍ਹਾਂ ਨੂੰ ਕਥਿਤ ਡਰੱਗਜ਼ ਨੈੱਟਵਰਕ ਅਤੇ ਨਸ਼ਾ ਮੁਕਤੀ ਕੇਂਦਰਾਂ ਨਾਲ ਜੁੜੇ ਮਾਮਲਿਆਂ ਨਾਲ ਜੋੜਿਆ ਗਿਆ ਸੀ। ਪੋਸਟ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਕਥਿਤ ਡਰੱਗਜ਼ ਕਨੈਕਸ਼ਨ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਵਿੱਚ ਨਸ਼ਾ ਮੁਕਤੀ ਕੇਂਦਰਾਂ ਦੀ ਆੜ ਵਿੱਚ ਡਰੱਗਜ਼ ਮਾਫ਼ੀਆ ਫਲ-ਫੁੱਲ ਰਿਹਾ ਹੈ ਅਤੇ ਮੁੱਖ ਮੰਤਰੀ ਦੇ ਕਰੀਬੀ ਸਾਥੀ ਰਾਜਬੀਰ ਘੁੰਮਣ ਸਮੇਤ ਹੋਰ ਓ.ਐੱਸ.ਡੀਜ਼ ਦੀ ਭੂਮਿਕਾ ਉੱਤੇ ਸਵਾਲ ਉੱਠਦੇ ਹਨ।

ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਉੱਤੇ ਇਤਰਾਜ਼ ਜਤਾਇਆ ਹੈ। ਘੁੰਮਣ ਨੇ ਪੋਸਟ ਵਿੱਚ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ, ਝੂਠੇ ਅਤੇ ਮਾਣਹਾਨੀ ਵਾਲੇ ਦੱਸਦਿਆਂ 24 ਘੰਟਿਆਂ ਦੇ ਅੰਦਰ ਇਸ ਨੂੰ ਹਟਾਉਣ, ਜਨਤਕ ਤੌਰ ਉੱਤੇ ਬਿਨਾਂ ਸ਼ਰਤ ਮਾਫ਼ੀ ਮੰਗਣ ਅਤੇ ਭਵਿੱਖ ਵਿੱਚ ਅਜਿਹੇ ਦੋਸ਼ ਨਾ ਲਾਉਣ ਦਾ ਲਿਖਤੀ ਭਰੋਸਾ ਦੇਣ ਦੀ ਮੰਗ ਕੀਤੀ ਹੈ।
ਨੋਟਿਸ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਮੰਗਾਂ ਪੂਰੀਆਂ ਨਾ ਹੋਣ ਉੱਤੇ ਮਜੀਠੀਆ ਖ਼ਿਲਾਫ਼ ਅਪਰਾਧਿਕ ਕਾਰਵਾਈ ਅਤੇ ਮਾਣਹਾਨੀ ਲਈ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ।
ਨੋਟਿਸ ਵਿੱਚ ਮਜੀਠੀਆ ਤੋਂ 24 ਘੰਟਿਆਂ ਦੇ ਅੰਦਰ ਸਬੰਧਤ ਪੋਸਟ ਅਤੇ ਉਸ ਨਾਲ ਜੁੜੀ ਸਮੱਗਰੀ ਹਟਾਉਣ, ਆਪਣੇ ਵ੍ਰੀਫਾਈਡ ਐਕਸ ਹੈਂਡਲ ਉੱਤੇ ਜਨਤਕ ਤੌਰ ਉੱਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਪ੍ਰਮੁੱਖ ਮੀਡੀਆ ਅਦਾਰਿਆਂ ਰਾਹੀਂ ਵੀ ਮਾਫ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਘੁੰਮਣ ਖ਼ਿਲਾਫ਼ ਅਜਿਹੇ ਦੋਸ਼ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਾ ਕਰਨ ਦਾ ਲਿਖਤੀ ਭਰੋਸਾ ਮੰਗਿਆ ਗਿਆ ਹੈ।
ਨੋਟਿਸ ਵਿੱਚ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 356 ਤਹਿਤ ਮਾਣਹਾਨੀ ਅਤੇ ਧਾਰਾ 351 ਤਹਿਤ ਅਪਰਾਧਿਕ ਧਮਕੀ ਨਾਲ ਸਬੰਧਤ ਉਪਬੰਧਾਂ ਦਾ ਹਵਾਲਾ ਦਿੰਦਿਆਂ ਅਪਰਾਧਿਕ ਕਾਰਵਾਈ ਅਤੇ ਸਿਵਲ ਮਾਣਹਾਨੀ ਦੇ ਮੁਕੱਦਮੇ ਦੀ ਚੇਤਾਵਨੀ ਦਿੱਤੀ ਗਈ ਹੈ।