ਛੱਠ ਪੂਜਾ ਕੁਦਰਤ, ਸੱਭਿਆਚਾਰ ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਮਹਾਂਪਰਵ : ਗੁਰਦਰਸ਼ਨ ਸਿੰਘ ਸੈਣੀ ਛੱਠ ਪੂਜਾ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਮਹਾਂਪਰਵ : ਸੈਣੀ
Publish Date: Mon, 16 Nov 2026 10:10 PM (IST)
Updated Date: Mon, 16 Nov 2026 10:12 PM (IST)
ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਮਾਂ ਛੱਠ ਪੂਜਾ ਕਮੇਟੀ ਮੁਬਾਰਕਪੁਰ ਅਤੇ ਰਾਮ ਤਲਾਈ ਕਮੇਟੀ ਡੇਰਾਬੱਸੀ ਵੱਲੋਂ ਕਰਵਾਏ ਗਏ ਛੱਠ ਪੂਜਾ ਸਮਾਗਮਾਂ ’ਚ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਛੱਠੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਦੇਸ਼ ਵਾਸੀਆਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਸੂਰਜ ਦੇਵਤਾ ਅਤੇ ਕੁਦਰਤ ਦੀ ਉਪਾਸਨਾ ਨੂੰ ਸਮਰਪਿਤ ਮਹਾਂਪਰਵ ਛੱਠ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ. ਸੈਣੀ ਨੇ ਕਿਹਾ ਕਿ ਛੱਠ ਪੂਜਾ ਸਿਰਫ਼ ਇਕ ਧਾਰਮਿਕ ਤਿਉਹਾਰ ਹੀ ਨਹੀਂ ਸਗੋਂ ਕੁਦਰਤ, ਸੱਭਿਆਚਾਰ, ਆਸਥਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹੈ। ਚਾਰ ਦਿਨਾਂ ਤੱਕ ਚੱਲਣ ਵਾਲੀਆਂ ਇਸ ਮਹਾਪਰਵ ਦੀਆਂ ਰਸਮਾਂ ਅਤੇ ਸ਼ਰਧਾ ਭਰਿਆ ਮਾਹੌਲ ਲੋਕਾਂ ਦੇ ਮਨਾਂ ’ਚ ਨਵੀਂ ਊਰਜਾ, ਉਤਸ਼ਾਹ ਅਤੇ ਸਕਾਰਾਤਮਕ ਸੋਚ ਦਾ ਸੰਚਾਰ ਕਰਦਾ ਹੈ। ਇਹ ਤਿਉਹਾਰ ਸਾਨੂੰ ਸੂਰਜ ਦੇਵਤਾ ਅਤੇ ਛੱਠੀ ਮਾਤਾ ਦੀ ਪੂਜਾ ਰਾਹੀਂ ਕੁਦਰਤ ਪ੍ਰਤੀ ਸਤਿਕਾਰ ਅਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ। ਸੈਣੀ ਨੇ ਕਿਹਾ ਕਿ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਨੂੰ ਰੌਸ਼ਨੀ ਅਤੇ ਊਰਜਾ ਪ੍ਰਦਾਨ ਕਰਦੀਆਂ ਹਨ ਉਸੇ ਤਰ੍ਹਾਂ ਛੱਠ ਪੂਜਾ ਵੀ ਸਾਨੂੰ ਸਮਾਨਤਾ, ਏਕਤਾ ਅਤੇ ਸਰਬ ਸਾਂਝੀਵਾਲਤਾ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ। ਇਹ ਤਿਉਹਾਰ ਜੀਵਨ ਦੇ ਹਰ ਉਤਰਾਅ ਚੜ੍ਹਾਅ ’ਚ ਸੰਤੁਲਨ ਬਣਾਈ ਰੱਖਣ ਅਤੇ ਕੁਦਰਤ ਦੀ ਮਹੱਤਤਾ ਨੂੰ ਸਮਝਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਜ਼ਿਲ੍ਹਾ ਓਬੀਸੀ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਾਨੰਤ ਭਾਰਦਵਾਜ, ਮੋਨੂੰ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।