ਚੰਡੀਗੜ੍ਹ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਛੱਠ ਪੂਜਾ ਦਾ ਤਿਉਹਾਰ ਚੰਡੀਗੜ੍ਹ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਛੱਠ ਪੂਜਾ ਦਾ ਤਿਉਹਾਰ,
Publish Date: Mon, 16 Nov 2026 10:42 PM (IST)
Updated Date: Mon, 16 Nov 2026 10:45 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਚੰਡੀਗੜ੍ਹ : ਟ੍ਰਾਈਸਿਟੀ ਸਮੇਤ ਪੂਰੇ ਚੰਡੀਗੜ੍ਹ ’ਚ ਸੂਰਜ ਉਪਾਸਨਾ ਦਾ ਮਹਾਨ ਤਿਉਹਾਰ ਛੱਠ ਪੂਜਾ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਖ਼ਾਸ ਕਰਕੇ ਸੈਕਟਰ-42 ਸਥਿਤ ਨਿਊ ਲੇਕ, ਸੁਖਨਾ ਝੀਲ ਦੇ ਨੇੜਲੇ ਘਾਟਾਂ, ਮਨੀਮਾਜਰਾ, ਧਨਾਸ ਝੀਲ ਅਤੇ ਮਲੋਆ ’ਚ ਬਣਾਏ ਗਏ ਵਿਸ਼ੇਸ਼ ਘਾਟਾਂ ਤੇ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਢਲਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਲਈ ਵਰਤ ਰੱਖਣ ਵਾਲੇ ਸ਼ਰਧਾਲੂ ਪਰਿਵਾਰਾਂ ਸਮੇਤ ਰਵਾਇਤੀ ਪਹਿਰਾਵੇ ’ਚ ਸਜ-ਧਜ ਕੇ ਘਾਟਾਂ ਤੇ ਪਹੁੰਚੇ। ਢੋਲ-ਨਗਾੜਿਆਂ ਦੀ ਥਾਪ ਅਤੇ ਛੱਠ ਮਈਆ ਦੇ ਲੋਕ ਗੀਤਾਂ ਨਾਲ ਪੂਰਾ ਮਾਹੌਲ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।ਇਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਵੀ ਛੱਠ ਪੂਜਾ ਦੇ ਰੰਗ ’ਚ ਰੰਗੀ ਨਜ਼ਰ ਆਈ। ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਛੱਠ ਪੂਜਾ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਨ੍ਹਾਂ ਤਸਵੀਰਾਂ ’ਚ ਉਹ ਰਵਾਇਤੀ ਲਾਲ ਰੰਗ ਦੇ ਸੂਟ, ਸਿਰ ਤੇ ਲਾਲ ਚੁੰਨੀ ਅਤੇ ਨੱਕ ਤੋਂ ਮੱਥੇ ਤੱਕ ਲੰਬਾ ਸੰਧੂਰ ਲਗਾ ਕੇ ਪੂਰੀ ਤਰ੍ਹਾਂ ਰਵਾਇਤੀ ਅੰਦਾਜ਼ ’ਚ ਪਾਣੀ ਵਿਚ ਖੜ੍ਹੇ ਹੋ ਕੇ ਸੂਰਜ ਦੇਵਤਾ ਨੂੰ ਅਰਘ ਦਿੰਦੀ ਦਿਖਾਈ ਦੇ ਰਹੀ ਹੈ। ਹਿਮਾਂਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਤੇ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਕਈ ਲੋਕਾਂ ਨੇ ਪੰਜਾਬੀ ਹੋਣ ਦੇ ਬਾਵਜੂਦ ਇਸ ਪਰੰਪਰਾ ਪ੍ਰਤੀ ਉਨ੍ਹਾਂ ਦੀ ਆਸਥਾ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਕੁਝ ਨੇ ਉਨ੍ਹਾਂ ਦੇ ਸੰਧੂਰ ਲਗਾਉਣ ਦੇ ਤਰੀਕੇ ਤੇ ਸਵਾਲ ਵੀ ਚੁੱਕੇ ਹਨ। ਦੂਜੇ ਪਾਸੇ, ਚੰਡੀਗੜ੍ਹ ਪ੍ਰਸ਼ਾਸਨ ਅਤੇ ਵੱਖ-ਵੱਖ ਪੂਰਵਾਂਚਲ ਸਭਾਵਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸੈਕਟਰ-42 ਦੀ ਝੀਲ ਤੇ ਸਭ ਤੋਂ ਵੱਡਾ ਸਮਾਗਮ ਕਰਵਾਇਆ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਪਾਣੀ ’ਚ ਖੜ੍ਹੇ ਹੋ ਕੇ ਪੂਜਾ-ਅਰਚਨਾ ਕੀਤੀ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਘਾਟਾਂ ਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੇ ਨਾਲ-ਨਾਲ ਰੋਸ਼ਨੀ, ਸਾਫ਼-ਸਫ਼ਾਈ ਅਤੇ ਮੈਡੀਕਲ ਟੀਮਾਂ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ। ਸ਼ਰਧਾਲੂਆਂ ਵੱਲੋਂ ਪ੍ਰਸ਼ਾਦ ਵਜੋਂ ਠੇਕੂਆ, ਮੌਸਮੀ ਫ਼ਲ ਅਤੇ ਗੰਨੇ ਭੇਟ ਕੀਤੇ ਗਏ, ਜਿਸ ਨਾਲ ਚੰਡੀਗੜ੍ਹ ਦੀਆਂ ਸੜਕਾਂ ਅਤੇ ਘਾਟਾਂ ਤੇ ਦੇਰ ਸ਼ਾਮ ਤੱਕ ਰੌਣਕਾਂ ਲੱਗੀਆਂ ਰਹੀਆਂ।