ਅਮਰੀਕਾ-ਕੈਨੇਡਾ ’ਚ ਬੈਠੇ ਲੋਕਾਂ ਨਾਲ ਠੱਗੀ ਦਾ ਖੇਡ, ਮੁਹਾਲੀ ਤੋਂ ਖੁੱਲ੍ਹੀਆਂ ਵਿਦੇਸ਼ੀ ਕੁਨੈਕਸ਼ਨ ਦੀਆਂ ਪਰਤਾਂ
ਮੁਹਾਲੀ ਦੇ ਕਥਿਤ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਤਕਨੀਕੀ ਸਹਾਇਤਾ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿੱਚ ਹੁਣ ਵਿਦੇਸ਼ੀ ਵਿੱਤੀ ਨੈੱਟਵਰਕ ਦੀਆਂ ਪਰਤਾਂ ਖੁੱਲ੍ਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਵਿੱਚ ਠੱਗੀ ਦੀ ਰਕਮ ਪੇਪਾਲ, ਬੈਂਕ ਖਾਤਿਆਂ, ਕ੍ਰਿਪਟੋਕਰੰਸੀ ਅਤੇ ਹਵਾਲਾ ਰਾਹੀਂ ਵਿਦੇਸ਼ਾਂ ਤੱਕ ਪਹੁੰਚਾਏ ਜਾਣ ਦੇ ਸੰਕੇਤ ਮਿਲੇ ਹਨ। ਜਾਂਚ ਦੌਰਾਨ ਵਿਦੇਸ਼ੀ ਸੰਸਥਾਵਾਂ, ਸ਼ੱਕੀ ਡਮੀ ਸ਼ੈੱਲ ਕੰਪਨੀਆਂ ਅਤੇ ਮੁਹਾਲੀ ਦੀ ਇਕ ਕੰਪਨੀ ਦੇ ਬੈਂਕ ਖਾਤੇ ਵਿਚਕਾਰ ਲੈਣ-ਦੇਣ ਦਾ ਪਤਾ ਲੱਗਾ ਹੈ। ਇਸੇ ਕੜੀ ਵਿੱਚ ਚੰਡੀਗੜ੍ਹ, ਮੁਹਾਲੀ, ਪੰਜਾਬ ਤੇ ਮੱਧ ਪ੍ਰਦੇਸ਼ ’ਚ ਅੱਠ ਥਾਵਾਂ ’ਤ
Publish Date: Tue, 25 Aug 2026 09:28 AM (IST)
Updated Date: Tue, 25 Aug 2026 09:30 AM (IST)
ਰੋਹਿਤ ਕੁਮਾਰ, ਚੰਡੀਗੜ੍ਹ: ਮੁਹਾਲੀ ਦੇ ਕਥਿਤ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਤਕਨੀਕੀ ਸਹਾਇਤਾ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿੱਚ ਹੁਣ ਵਿਦੇਸ਼ੀ ਵਿੱਤੀ ਨੈੱਟਵਰਕ ਦੀਆਂ ਪਰਤਾਂ ਖੁੱਲ੍ਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਵਿੱਚ ਠੱਗੀ ਦੀ ਰਕਮ ਪੇਪਾਲ, ਬੈਂਕ ਖਾਤਿਆਂ, ਕ੍ਰਿਪਟੋਕਰੰਸੀ ਅਤੇ ਹਵਾਲਾ ਰਾਹੀਂ ਵਿਦੇਸ਼ਾਂ ਤੱਕ ਪਹੁੰਚਾਏ ਜਾਣ ਦੇ ਸੰਕੇਤ ਮਿਲੇ ਹਨ। ਜਾਂਚ ਦੌਰਾਨ ਵਿਦੇਸ਼ੀ ਸੰਸਥਾਵਾਂ, ਸ਼ੱਕੀ ਡਮੀ ਸ਼ੈੱਲ ਕੰਪਨੀਆਂ ਅਤੇ ਮੁਹਾਲੀ ਦੀ ਇਕ ਕੰਪਨੀ ਦੇ ਬੈਂਕ ਖਾਤੇ ਵਿਚਕਾਰ ਲੈਣ-ਦੇਣ ਦਾ ਪਤਾ ਲੱਗਾ ਹੈ। ਇਸੇ ਕੜੀ ਵਿੱਚ ਚੰਡੀਗੜ੍ਹ, ਮੁਹਾਲੀ, ਪੰਜਾਬ ਤੇ ਮੱਧ ਪ੍ਰਦੇਸ਼ ’ਚ ਅੱਠ ਥਾਵਾਂ ’ਤੇ ਤਲਾਸ਼ੀ ਲੈ ਕੇ ਕਰੀਬ 20 ਲੱਖ ਰੁਪਏ ਦੀ ਬੇਹਿਸਾਬ ਨਕਦੀ ਬਰਾਮਦ ਕੀਤੀ ਗਈ, ਜਦਕਿ 50 ਲੱਖ ਰੁਪਏ ਦੀ ਬੈਂਕ ਰਕਮ ਫ੍ਰੀਜ਼ ਕੀਤੀ ਗਈ ਹੈ।
ਫਰਜ਼ੀ ਪੌਪ-ਅੱਪ ਰਾਹੀਂ ਸ਼ੁਰੂ ਹੁੰਦੀ ਸੀ ਠੱਗੀ ਈਡੀ ਮੁਤਾਬਕ ਮੁਲਜ਼ਮ ਵਿਦੇਸ਼ਾਂ ’ਚ ਬੈਠੇ ਸਹਿਯੋਗੀਆਂ ਨਾਲ ਮਿਲ ਕੇ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਗਾਹਕਾਂ ਦੇ ਕੰਪਿਊਟਰ ਜਾਂ ਹੋਰ ਉਪਕਰਨਾਂ ’ਤੇ ਤਕਨੀਕੀ ਖ਼ਰਾਬੀ ਦਾ ਫਰਜ਼ੀ ਸੁਨੇਹਾ ਦਿਖਾਇਆ ਜਾਂਦਾ ਸੀ। ਪੌਪ-ਅੱਪ ’ਚ ਦਿੱਤੇ ਟੋਲ-ਫ੍ਰੀ ਨੰਬਰ ’ਤੇ ਕਾਲ ਕਰਨ ਤੋਂ ਬਾਅਦ ਗਾਹਕ ਕਥਿਤ ਕਾਲ ਸੈਂਟਰ ਦੇ ਸੰਚਾਲਕਾਂ ਦੇ ਸੰਪਰਕ ਵਿੱਚ ਆ ਜਾਂਦੇ ਸਨ।
ਰਿਮੋਟ ਐਕਸੈੱਸ ਲੈ ਕੇ ਕਰਵਾਉਂਦੇ ਸਨ ਭੁਗਤਾਨ ਜਾਂਚ ਮੁਤਾਬਕ ਕਾਲ ਸੈਂਟਰ ’ਚ ਪਹਿਲਾਂ ਤੋਂ ਤਿਆਰ ਸਕ੍ਰਿਪਟ ਦੇ ਆਧਾਰ ’ਤੇ ਗਾਹਕਾਂ ਨਾਲ ਗੱਲ ਕੀਤੀ ਜਾਂਦੀ ਸੀ। ਪ੍ਰਿੰਟਰ, ਆਈਪੈਡ ਜਾਂ ਐਪਲ-ਮਾਈਕ੍ਰੋਸਾਫਟ ਦੀ ਤਕਨੀਕੀ ਸਮੱਸਿਆ ਦੱਸ ਕੇ ਉਨ੍ਹਾਂ ਦੇ ਸਿਸਟਮ ਦਾ ਰਿਮੋਟ ਐਕਸੈੱਸ ਲਿਆ ਜਾਂਦਾ ਸੀ। ਇਸ ਤੋਂ ਬਾਅਦ ਗ਼ੈਰ-ਜ਼ਰੂਰੀ ਜਾਂ ਕਾਲਪਨਿਕ ਸੇਵਾਵਾਂ ਦੇ ਨਾਂ ’ਤੇ ਭੁਗਤਾਨ ਕਰਵਾਇਆ ਜਾਂਦਾ ਸੀ।
ਕ੍ਰਿਪਟੋ ਤੇ ਹਵਾਲਾ ਰਾਹੀਂ ਵਿਦੇਸ਼ ਪਹੁੰਚੀ ਰਕਮ ਈਡੀ ਮੁਤਾਬਕ ਠੱਗੀ ਦੀ ਰਕਮ ਪੇਪਾਲ, ਸਟ੍ਰਾਈਪ ਅਤੇ ਬੈਂਕਿੰਗ ਚੈਨਲਾਂ ਤੋਂ ਇਲਾਵਾ ਬਿਟਕੁਆਇਨ ਤੇ ਹਵਾਲਾ ਰਾਹੀਂ ਵੀ ਇਧਰ-ਉਧਰ ਕੀਤੀ ਗਈ। ਇਸ ਤੋਂ ਬਾਅਦ ਰਕਮ ਵਿਦੇਸ਼ਾਂ ’ਚ ਸਥਿਤ ਵੱਖ-ਵੱਖ ਸੰਸਥਾਵਾਂ ਦੇ ਖਾਤਿਆਂ ਤੱਕ ਪਹੁੰਚੀ। ਜਾਂਚ ਵਿੱਚ ਅਮਰੀਕਾ ਦੀ ਆਰਐੱਚਐੱਲ ਆਪਰੇਟਿੰਗ ਸਲਿਊਸ਼ਨਜ਼ ਅਤੇ ਆਰਜੀ ਸਕਿਓਰਿਟੀ ਸਲਿਊਸ਼ਨਜ਼ ਐੱਲਐੱਲਸੀ ਦਾ ਵੀ ਜ਼ਿਕਰ ਸਾਹਮਣੇ ਆਇਆ ਹੈ।
ਇਨਫਿਮਮ ਐਂਟਰਪ੍ਰਾਈਜ਼ਿਜ਼ ਦੇ ਖਾਤੇ ’ਚ ਆਇਆ ਵਿਦੇਸ਼ੀ ਪੈਸਾ ਜਾਂਚ ਵਿੱਚ ਮੇਸਰਜ਼ ਇਨਫਿਮਮ ਐਂਟਰਪ੍ਰਾਈਜ਼ਿਜ਼ ਐੱਲਐੱਲਪੀ ਦੇ ਬੈਂਕ ਖਾਤੇ ਵਿੱਚ ਕਈ ਵਿਦੇਸ਼ੀ ਸੰਸਥਾਵਾਂ ਤੋਂ ਰਕਮ ਆਉਣ ਦੀ ਗੱਲ ਸਾਹਮਣੇ ਆਈ ਹੈ। ਈਡੀ ਨੇ ਇਨ੍ਹਾਂ ਸੰਸਥਾਵਾਂ ਨੂੰ ਸ਼ੱਕੀ ਡਮੀ ਸ਼ੈੱਲ ਇਕਾਈਆਂ ਵਜੋਂ ਚਿੰਨ੍ਹਿਤ ਕੀਤਾ ਹੈ। ਏਜੰਸੀ ਹੁਣ ਕਥਿਤ ਠੱਗੀ ਦੀ ਰਕਮ ਨੂੰ ਵੱਖ-ਵੱਖ ਖਾਤਿਆਂ ਤੇ ਸੰਸਥਾਵਾਂ ਰਾਹੀਂ ਘੁਮਾਉਣ ਵਾਲੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਮੁਹਾਲੀ ਦੇ ਪਲਾਟ ਤੋਂ ਸ਼ੁਰੂ ਹੋਈ ਜਾਂਚ ਮਾਮਲੇ ਦੀ ਸ਼ੁਰੂਆਤ ਐੱਸਏਐੱਸ ਨਗਰ ਦੇ ਸੋਹਾਣਾ ਥਾਣੇ ਵਿੱਚ ਦਰਜ ਐੱਫਆਈਆਰ ਤੋਂ ਹੋਈ ਸੀ। ਇਹ ਐੱਫਆਈਆਰ ਮੁਹਾਲੀ ਦੇ ਐਮਾਰ ਸੈਕਟਰ-108 ਸਥਿਤ ਪਲਾਟ ਨੰਬਰ 29 ਤੋਂ ਕਥਿਤ ਫਰਜ਼ੀ ਕਾਲ ਸੈਂਟਰ ਚਲਾਉਣ ਸਬੰਧੀ ਦਰਜ ਕੀਤੀ ਗਈ ਸੀ। ਪੰਜਾਬ ਪੁਲਿਸ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕਰ ਚੁੱਕੀ ਹੈ। ਹੁਣ ਪੀਐੱਮਐੱਲਏ ਤਹਿਤ ਈਡੀ ਦੀ ਜਾਂਚ ਕਥਿਤ ਅਪਰਾਧ ਤੋਂ ਹਾਸਲ ਰਕਮ ਅਤੇ ਉਸ ਦੇ ਮਨੀ ਟ੍ਰੇਲ ਤੱਕ ਪਹੁੰਚ ਗਈ ਹੈ। 21 ਅਗਸਤ ਦੀ ਤਲਾਸ਼ੀ ਦੌਰਾਨ ਨਕਦੀ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਨ ਮਿਲੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।