- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ-ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਸੱਟਾਂ ਨੂੰ ਸਧਾਰਣ ਦੱਸ ਕੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਖ਼ਾਰਜ ਨਹੀਂ ਕੀਤਾ ਜਾ ਸਕਦਾ। ਇਹ ਦੇਖਣਾ ਜ਼ਰੂਰੀ ਹੈ ਕਿ ਮੁਲਜ਼ਮ ਦੀ ਨੀਅਤ ਕੀ ਸੀ, ਉਸ ਨੂੰ ਆਪਣੇ ਕਾਰੇ ਦੇ ਨਤੀਜੇ ਬਾਰੇ ਕਿੰਨੀ ਸਮਝ ਸੀ ਅਤੇ ਹਮਲਾ ਕਿਹੜੇ ਹਾਲਾਤ ਵਿਚ ਹੋਇਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਸੱਟਾਂ ਨੂੰ ਸਧਾਰਣ ਦੱਸ ਕੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਖ਼ਾਰਜ ਨਹੀਂ ਕੀਤਾ ਜਾ ਸਕਦਾ। ਇਹ ਦੇਖਣਾ ਜ਼ਰੂਰੀ ਹੈ ਕਿ ਮੁਲਜ਼ਮ ਦੀ ਨੀਅਤ ਕੀ ਸੀ, ਉਸ ਨੂੰ ਆਪਣੇ ਕਾਰੇ ਦੇ ਨਤੀਜੇ ਬਾਰੇ ਕਿੰਨੀ ਸਮਝ ਸੀ ਅਤੇ ਹਮਲਾ ਕਿਹੜੇ ਹਾਲਾਤ ਵਿਚ ਹੋਇਆ। ਇਸ ਟਿੱਪਣੀ ਨਾਲ ਜਸਟਿਸ ਨੀਰਜਾ ਕੇ. ਕਲਸਨ ਦੇ ਬੈਂਚ ਨੇ ਦੋ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ। ਇਹ ਮਾਮਲਾ ਪੰਜਾਬ ਦੇ ਸ਼ਿਆਮਪੁਰ ਪਿੰਡ ਵਿਚ ਜ਼ਮੀਨ ਦੇ ਪੁਰਾਣੇ ਵਿਵਾਦ ਨਾਲ ਸਬੰਧਤ ਹੈ।
ਇਸਤਗਾਸਾ ਧਿਰ ਮੁਤਾਬਕ, 14 ਸਤੰਬਰ ਨੂੰ ਦਰਜ ਐੱਫਆਈਆਰ ਵਿਚ ਮੁਲਜ਼ਮਾਂ ’ਤੇ ਸ਼ਿਕਾਇਤਕਰਤਾ ਅਤੇ ਇਕ ਹੋਰ ਵਿਅਕਤੀ ਉੱਪਰ ਹਮਲਾ ਕਰਨ ਦਾ ਦੋਸ਼ ਹੈ। ਹਰਮੋਹਨ ਕੁਮਾਰ ’ਤੇ ਸ਼ਿਕਾਇਤਕਰਤਾ ਦੇ ਸਿਰ ਦੇ ਖੱਬੇ ਪਾਸੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਨੂੰ ਸੱਟ ਲੱਗੀ ਅਤੇ ਟਾਂਕੇ ਲਗਾਉਣੇ ਪਏ। ਹਰਜੇਸ਼ ਕੁਮਾਰ ’ਤੇ ਲਲਕਾਰਨ ਅਤੇ ਰਾਡ ਨਾਲ ਹਮਲਾ ਕਰਨ ਦਾ ਦੋਸ਼ ਹੈ। ਬਚਾਅ ਲਈ ਹੱਥ ਅੱਗੇ ਕਰਨ ’ਤੇ ਸ਼ਿਕਾਇਤਕਰਤਾ ਦੇ ਖੱਬੇ ਹੱਥ ’ਤੇ ਸੱਟ ਲੱਗੀ। ਦੂਜੇ ਜ਼ਖ਼ਮੀ ਨੂੰ ਵੀ ਖੱਬੀ ਅੱਖ ਕੋਲ ਸੱਟ ਲੱਗੀ।
ਮੁਲਜ਼ਮਾਂ ਨੇ ਕਿਹਾ ਕਿ ਜ਼ਮੀਨ ਦੇ ਪੁਰਾਣੇ ਦੀਵਾਨੀ ਵਿਵਾਦ ਕਾਰਨ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਨੇ ਸੱਟਾਂ ਨੂੰ ਸਧਾਰਣ ਦੱਸਦਿਆਂ ਕਿਹਾ ਕਿ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਅਤੇ ਉਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ। ਮੈਡੀਕਲ ਰਿਪੋਰਟ ਮੁਤਾਬਕ, ਇਕ ਜ਼ਖ਼ਮੀ ਨੂੰ ਪੰਜ ਸੱਟਾਂ ਲੱਗੀਆਂ ਸਨ। ਅੰਗੂਠੇ ’ਤੇ ਲੱਗੀ ਸੱਟ ਗੰਭੀਰ ਸੀ, ਜਦਕਿ ਸਿਰ ਦੀ ਸੱਟ ਸਮੇਤ ਚਾਰ ਸਧਾਰਣ ਸਨ। ਦੂਜੇ ਜ਼ਖ਼ਮੀ ਦੇ ਭਰਵੱਟੇ ਕੋਲ ਲੱਗੀ ਸੱਟ ਵੀ ਸਧਾਰਣ ਸੀ। ਮੁਲਜ਼ਮਾਂ ਦੀ ਭੂਮਿਕਾ, ਸਬੂਤਾਂ ਅਤੇ ਜਾਂਚ ਦੀ ਸਥਿਤੀ ’ਤੇ ਵਿਚਾਰ ਕਰਨ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ।