ਸਚਿਨ ਪਾਇਲਟ ਨੂੰ ਮਿਲੇ ਚਰਨਜੀਤ ਚੰਨੀ: ਹਾਈਕਮਾਨ ਦੇ ਫ਼ੈਸਲੇ 'ਤੇ ਲਗਾਈ ਮੋਹਰ, ਬੋਲੇ- 'ਪੰਜਾਬ ਕਾਂਗਰਸ 'ਚ ਜਗੀ ਨਵੀਂ ਉਮੀਦ' ਪੰਜਾਬ ਕਾਂਗਰਸ 'ਚ ਚੱਲ ਰਹੀ ਧੜੇਬੰਦੀ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪਾਰਟੀ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਚੰਨੀ ਨੇ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੇ ਇੰਚਾਰਜ 'ਚ ਕੀਤੇ ਗਏ ਬਦਲਾਅ ਨੂੰ ਸਹੀ ਫ਼ੈਸਲਾ ਦੱਸਦਿਆਂ ਕਿਹਾ ਕਿ ਪਾਇਲਟ ਦੇ ਆਉਣ ਨਾਲ ਸੂਬੇ 'ਚ ਕਾਂਗਰਸ ਲਈ ਚੰਗਾ ਮਾਹੌਲ ਬਣਿਆ ਹੈ ਅਤੇ ਵਰਕਰਾਂ 'ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਹੋਇਆ ਹੈ।
Publish Date: Wed, 09 Sep 2026 04:43 PM (IST)
Updated Date: Wed, 09 Sep 2026 04:46 PM (IST)
ਜਾਸ, ਚੰਡੀਗੜ੍ਹ - ਪੰਜਾਬ ਕਾਂਗਰਸ 'ਚ ਚੱਲ ਰਹੀ ਧੜੇਬੰਦੀ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪਾਰਟੀ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਚੰਨੀ ਨੇ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੇ ਇੰਚਾਰਜ 'ਚ ਕੀਤੇ ਗਏ ਬਦਲਾਅ ਨੂੰ ਸਹੀ ਫ਼ੈਸਲਾ ਦੱਸਦਿਆਂ ਕਿਹਾ ਕਿ ਪਾਇਲਟ ਦੇ ਆਉਣ ਨਾਲ ਸੂਬੇ 'ਚ ਕਾਂਗਰਸ ਲਈ ਚੰਗਾ ਮਾਹੌਲ ਬਣਿਆ ਹੈ ਅਤੇ ਵਰਕਰਾਂ 'ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਹੋਇਆ ਹੈ।
ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਚਿਨ ਪਾਇਲਟ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੇ ਪੰਜਾਬ ਇੰਚਾਰਜ ਬਣਨ ਨਾਲ ਪਾਰਟੀ ਵਰਕਰਾਂ 'ਚ ਇੱਕ ਨਵੀਂ ਉਮੀਦ ਜਗੀ ਹੈ। ਉਨ੍ਹਾਂ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਪਾਇਲਟ ਆਉਣ ਵਾਲੇ ਸਮੇਂ 'ਚ ਪਾਰਟੀ 'ਚ ਬਿਹਤਰ ਵਿਵਸਥਾ ਕਾਇਮ ਕਰਨਗੇ ਅਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਅੱਗੇ ਵਧਣਗੇ।
ਪੰਜਾਬ ਕਾਂਗਰਸ 'ਚ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦਰਮਿਆਨ ਚੰਨੀ ਧੜੇ ਦੇ ਕਈ ਸੀਨੀਅਰ ਆਗੂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੀ ਮੰਗ ਕਰਦੇ ਰਹੇ ਹਨ। ਇਸ ਧੜੇ 'ਚ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਆਗੂ ਸ਼ਾਮਲ ਦੱਸੇ ਜਾਂਦੇ ਹਨ।
ਪਾਰਟੀ 'ਚ ਵਧ ਰਹੇ ਮਤਭੇਦਾਂ ਦੇ ਵਿਚਕਾਰ ਹਾਈਕਮਾਨ ਨੇ ਹਾਲ ਹੀ 'ਚ ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਦੇ ਸਾਰੇ ਆਗੂ ਇੱਕ ਮੰਚ ’ਤੇ ਨਜ਼ਰ ਆਉਣਗੇ, ਚੰਨੀ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਜਿਸ ਤਰ੍ਹਾਂ ਫ਼ੈਸਲੇ ਲੈ ਰਹੀ ਹੈ, ਉਸ ਨਾਲ ਪੰਜਾਬ 'ਚ ਚੰਗਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਮਾਹੌਲ ਨੂੰ ਅੱਗੇ ਵੀ ਬਰਕਰਾਰ ਰੱਖਿਆ ਜਾਵੇਗਾ।
ਵਿਧਾਨ ਸਭਾ ਚੋਣਾਂ ਦੀ ਤਿਆਰੀ ’ਤੇ ਵੀ ਦਿੱਤਾ ਸੰਕੇਤ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੰਨੀ ਨੇ ਕਿਹਾ ਕਿ ਹੁਣ ਪਾਰਟੀ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਇੱਕ ਚੰਗੇ ਆਗੂ ਹਨ ਅਤੇ ਉਨ੍ਹਾਂ 'ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੈ। ਪਾਰਟੀ ਹਾਈਕਮਾਨ ਅਤੇ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਂਗਰਸ ਆਗੂ ਮਿਲ ਕੇ ਚੋਣ ਰਣਨੀਤੀ ਨੂੰ ਅੱਗੇ ਵਧਾਉਣਗੇ।
ਚੰਨੀ ਨੇ ਕਿਹਾ ਕਿ ਕਾਂਗਰਸ ਪੂਰੀ ਕੋਸ਼ਿਸ਼ ਕਰੇਗੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸਰਕਾਰ ਬਣਾਉਣ 'ਚ ਸਫਲ ਹੋਵੇ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਸਰਕਾਰ ਦਿੱਤੀ ਜਾ ਸਕੇ। ਉਨ੍ਹਾਂ ਪਾਇਲਟ ਨਾਲ ਹੋਈ ਮੁਲਾਕਾਤ ਨੂੰ ਪਾਰਟੀ ਲਈ ਸਕਾਰਾਤਮਕ ਕਦਮ ਦੱਸਿਆ ਅਤੇ ਕਿਹਾ ਕਿ ਨਵੀਂ ਲੀਡਰਸ਼ਿਪ ਨਾਲ ਕਾਂਗਰਸ ਨੂੰ ਨਿਸ਼ਚਿਤ ਤੌਰ ’ਤੇ ਫ਼ਾਇਦਾ ਹੋਵੇਗਾ।
ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਬੁੱਧਵਾਰ ਨੂੰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪੰਜਾਬ ਕਾਂਗਰਸ ਦੇ ਕੁਝ ਹੋਰ ਆਗੂਆਂ ਨੇ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਹੈ।