ਗੁਲਾਬਗੜ੍ਹ ਦੀ ਫਿਰਨੀ ’ਤੇ ਮਚੀ ਹਫੜਾ-ਦਫੜੀ, ਕੈਂਟਰ ਦੀ ਲਪੇਟ 'ਚ ਆਉਣ ਨਾਲ ਟੁੱਟੀਆਂ ਬਿਜਲੀ ਦੀਆਂ ਤਾਰਾਂ; ਟਲਿਆ ਵੱਡਾ ਹਾਦਸਾ ਡੇਰਾਬੱਸੀ ਦੇ ਪਿੰਡ ਗੁਲਾਬਗੜ੍ਹ ਦੀ ਫਿਰਨੀ ’ਤੇ ਸ਼ਨਿਚਰਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਸਾਮਾਨ ਨਾਲ ਭਰਿਆ ਕੈਂਟਰ ਸੜਕ ਦੇ ਉੱਪਰੋਂ ਲੰਘ ਰਹੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਤਾਰਾਂ ਦੇ ਕੈਂਟਰ ਨਾਲ ਫਸਣ ਕਾਰਨ ਬਿਜਲੀ ਦਾ ਖੰਭਾ ਵੀ ਖਿੱਚਿਆ ਗਿਆ ਅਤੇ ਕੁਝ ਹੀ ਪਲਾਂ ਵਿਚ ਖੰਭਾ ਨੁਕਸਾਨਗ੍ਰਸਤ ਹੋ ਕੇ ਤਾਰਾਂ ਸਮੇਤ ਸੜਕ ਵੱਲ ਝੁਕ ਗਿਆ। ਹਾਦਸੇ ਦੌਰਾਨ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਹੋਣ ਦੇ ਬਾਵਜੂਦ ਕੈਂਟਰ ਚਾਲਕ ਵਾਲ-ਵਾਲ ਬਚ ਗਿਆ।
Publish Date: Sun, 23 Aug 2026 11:24 AM (IST)
Updated Date: Sun, 23 Aug 2026 12:43 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਪਿੰਡ ਗੁਲਾਬਗੜ੍ਹ ਦੀ ਫਿਰਨੀ ’ਤੇ ਸ਼ਨਿਚਰਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਸਾਮਾਨ ਨਾਲ ਭਰਿਆ ਕੈਂਟਰ ਸੜਕ ਦੇ ਉੱਪਰੋਂ ਲੰਘ ਰਹੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਤਾਰਾਂ ਦੇ ਕੈਂਟਰ ਨਾਲ ਫਸਣ ਕਾਰਨ ਬਿਜਲੀ ਦਾ ਖੰਭਾ ਵੀ ਖਿੱਚਿਆ ਗਿਆ ਅਤੇ ਕੁਝ ਹੀ ਪਲਾਂ ਵਿਚ ਖੰਭਾ ਨੁਕਸਾਨਗ੍ਰਸਤ ਹੋ ਕੇ ਤਾਰਾਂ ਸਮੇਤ ਸੜਕ ਵੱਲ ਝੁਕ ਗਿਆ। ਹਾਦਸੇ ਦੌਰਾਨ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਹੋਣ ਦੇ ਬਾਵਜੂਦ ਕੈਂਟਰ ਚਾਲਕ ਵਾਲ-ਵਾਲ ਬਚ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਪਿੰਡ ਦੇ ਰਸਤੇ ਰਾਹੀਂ ਇਕ ਫੈਕਟਰੀ ਵੱਲ ਸਾਮਾਨ ਲੈ ਕੇ ਜਾ ਰਿਹਾ ਸੀ। ਜਦੋਂ ਕੈਂਟਰ ਫਿਰਨੀ ਵਾਲੇ ਹਿੱਸੇ ਵਿਚ ਪਹੁੰਚਿਆ ਤਾਂ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵਾਹਨ ਨਾਲ ਟਕਰਾ ਗਈਆਂ। ਤਾਰਾਂ ਦੇ ਖਿੱਚੇ ਜਾਣ ਨਾਲ ਬਿਜਲੀ ਦਾ ਖੰਭਾ ਵੀ ਪ੍ਰਭਾਵਿਤ ਹੋਇਆ ਅਤੇ ਤਾਰਾਂ ਕੈਂਟਰ ਉੱਪਰ ਆ ਡਿੱਗੀਆਂ। ਘਟਨਾ ਦੇ ਸਮੇਂ ਕੁਝ ਸਮੇਂ ਲਈ ਤਾਰਾਂ ਵਿਚੋਂ ਚੰਗਿਆੜੀਆਂ ਨਿਕਲਦੀਆਂ ਵੀ ਦਿਖਾਈ ਦਿੱਤੀਆਂ, ਜਿਸ ਕਾਰਨ ਆਸ-ਪਾਸ ਮੌਜੂਦ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਬਿਜਲੀ ਵਿਭਾਗ ਨੂੰ ਸੂਚਿਤ ਕਰਕੇ ਸਪਲਾਈ ਬੰਦ ਕਰਵਾਈ ਗਈ, ਤਾਂ ਜੋ ਕਿਸੇ ਹੋਰ ਵਿਅਕਤੀ ਨਾਲ ਜਾਨਲੇਵਾ ਹਾਦਸਾ ਨਾ ਵਾਪਰ ਸਕੇ। ਖੁਸ਼ਕਿਸਮਤੀ ਨਾਲ ਘਟਨਾ ਵਿਚ ਕੈਂਟਰ ਚਾਲਕ ਜਾਂ ਕਿਸੇ ਰਾਹਗੀਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਕਾਰਨ ਪਿੰਡ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।
ਸਥਾਨਕ ਵਸਨੀਕਾਂ ਨੇ ਦੱਸਿਆ ਕਿ ਫਿਰਨੀ ਵਿਚ ਬਿਜਲੀ ਦੀਆਂ ਤਾਰਾਂ ਕਾਫ਼ੀ ਸਮੇਂ ਤੋਂ ਨੀਵੀਆਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਰਸਤੇ ਤੋਂ ਰੋਜ਼ਾਨਾ ਵੱਡੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ, ਜਿਸ ਕਾਰਨ ਨੀਵੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਨੁਕਸਾਨੇ ਖੰਭੇ ਨੂੰ ਤੁਰੰਤ ਬਦਲਿਆ ਜਾਵੇ ਅਤੇ ਤਾਰਾਂ ਦੀ ਉਚਾਈ ਵਧਾ ਕੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਲਗਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਤਾਰਾਂ ਨੂੰ ਠੀਕ ਨਾ ਕੀਤਾ ਗਿਆ ਤਾਂ ਭਵਿੱਖ ’ਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।