ਬਦਲਦੇ ਮੌਸਮ ਨਾਲ ਬਜ਼ੁਰਗਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਬਦਲਦੇ ਮੌਸਮ ਨਾਲ ਬਜ਼ੁਰਗਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
Publish Date: Fri, 09 Oct 2026 07:18 PM (IST)
Updated Date: Fri, 09 Oct 2026 07:20 PM (IST)
- ਖੁਰਾਕ, ਦਵਾਈਆਂ ਤੇ ਰੋਜ਼ਾਨਾ ਰੁਟੀਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ: ਡਾ. ਈਸ਼ਾ ਅਰੋੜਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਬਦਲਦੇ ਮੌਸਮ ਦੌਰਾਨ ਬਜ਼ੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਤਾਪਮਾਨ ’ਚ ਅਚਾਨਕ ਹੋਣ ਵਾਲੇ ਬਦਲਾਅ ਕਾਰਨ ਬਜ਼ੁਰਗਾਂ ਨੂੰ ਜ਼ੁਕਾਮ, ਖੰਘ, ਗਲੇ ਦੀ ਤਕਲੀਫ਼, ਸਾਹ ਸਬੰਧੀ ਸਮੱਸਿਆਵਾਂ, ਬਲੱਡ ਪ੍ਰੈਸ਼ਰ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਗੱਲ ਸਰਕਾਰੀ ਹਸਪਤਾਲ ਮੁਹਾਲੀ ਵਿਖੇ ਡਾ. ਈਸ਼ਾ ਅਰੋੜਾ ਨੇ ਕੌਮਾਂਤਰੀ ਬਜ਼ੁਰਗ ਦਿਵਸ ਸਬੰਧੀ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਹੀ। ਮੈਡੀਕਲ ਮਾਹਰ ਡਾ. ਈਸ਼ਾ ਨੇ ਕਿਹਾ ਕਿ ਉਮਰ ਵਧਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕੁਝ ਘੱਟ ਹੋ ਸਕਦੀ ਹੈ ਅਤੇ ਜਿਨ੍ਹਾਂ ਬਜ਼ੁਰਗਾਂ ਨੂੰ ਪਹਿਲਾਂ ਤੋਂ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਜਾਂ ਸਾਹ ਦੀ ਬਿਮਾਰੀ ਹੈ, ਉਨ੍ਹਾਂ ਨੂੰ ਮੌਸਮ ਬਦਲਣ ਸਮੇਂ ਹੋਰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਮੌਸਮ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸਵੇਰੇ-ਸ਼ਾਮ ਠੰਢ ਤੋਂ ਬਚਾਅ ਰੱਖਣਾ ਚਾਹੀਦਾ ਹੈ। ਘਰ ’ਚ ਹਵਾ ਦੀ ਆਵਾਜਾਈ ਦਾ ਉਚਿੱਤ ਪ੍ਰਬੰਧ ਹੋਵੇ ਅਤੇ ਬਹੁਤ ਜ਼ਿਆਦਾ ਠੰਢ ਜਾਂ ਧੂੜ-ਧੂੰਏਂ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ। ਡਾ. ਈਸ਼ਾ ਅਰੋੜਾ ਨੇ ਕਿਹਾ ਕਿ ਬਜ਼ੁਰਗਾਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਪਾਣੀ ਦੀ ਮਾਤਰਾ ਵੀ ਉਮਰ ਅਤੇ ਡਾਕਟਰੀ ਸਲਾਹ ਅਨੁਸਾਰ ਠੀਕ ਰੱਖਣੀ ਚਾਹੀਦੀ ਹੈ। ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਬੰਦ ਜਾਂ ਸ਼ੁਰੂ ਨਹੀਂ ਕਰਨੀਆਂ ਚਾਹੀਦੀਆਂ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਆਪਣੀ ਸਮਰੱਥਾ ਅਨੁਸਾਰ ਹਲਕੀ ਕਸਰਤ ਜਾਂ ਸੈਰ ਜਾਰੀ ਰੱਖਣੀ ਚਾਹੀਦੀ ਹੈ। ਹਾਲਾਂਕਿ ਬਹੁਤ ਜ਼ਿਆਦਾ ਥਕਾਵਟ, ਸਾਹ ਚੜ੍ਹਨਾ, ਛਾਤੀ ’ਚ ਦਰਦ, ਲਗਾਤਾਰ ਖੰਘ-ਬੁਖਾਰ, ਚੱਕਰ ਆਉਣਾ ਜਾਂ ਅਚਾਨਕ ਕਮਜ਼ੋਰੀ ਮਹਿਸੂਸ ਹੋਣ ਦੀ ਸੂਰਤ ’ਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਧਿਕਾਰੀ ਦਲਜੀਤ ਕੌਰ ਵੀ ਮੌਜੂਦ ਸਨ।