ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ 6ਵੇਂ ਗਲੋਬਲ ਐਜੂਕੇਸ਼ਨ ਸੰਮੇਲਨ ਦੀ ਮੇਜ਼ਬਾਨੀ ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ 6ਵੇਂ ਗਲੋਬਲ ਐਜੂਕੇਸ਼ਨ ਸੰਮੇਲਨ ਦੀ ਮੇਜ਼ਬਾਨੀ
Publish Date: Mon, 05 Oct 2026 06:52 PM (IST)
Updated Date: Tue, 06 Oct 2026 04:08 AM (IST)
- 30 ਮੁਲਕਾਂ ਦੀਆਂ 69 ਯੂਨੀਵਰਸਿਟੀਆਂ ਦੇ ਅਕਾਦਮਿਕ ਮਾਹਰਾਂ ਨੇ ਲਿਆ ਹਿੱਸਾ - ‘ਗਲੋਬਲ ਵਿਲੇਜ’ ਲਈ ਏਆਈ ਬਾਰੇ ਵਿਚਾਰ ਕਰਨ ਲਈ ਸਿਰਜੋੜ ਕੇ ਬੈਠੇ ਮਾਹਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਛੇਵੇਂ ‘ਗਲੋਬਲ ਐਜੂਕੇਸ਼ਨ ਸਮਿਟ’ ਦੌਰਾਨ ਵਿਕਾਸਸ਼ੀਲ ਖਿੱਤਿਆਂ ਦੇ 30 ਮੁਲਕਾਂ ਦੀਆਂ 69 ਪ੍ਰਮੁੱਖ ਵਿਸ਼ਵਵਿਆਪੀ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 90 ਤੋਂ ਵੱਧ ਨਾਮਵਰ ਅਕਾਦਮਿਕ ਆਗੂਆਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ। ਇਸ ਦਾ ਉਦੇਸ਼ ਵਿਚਾਰਾਂ, ਗਿਆਨ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਲਈ ਇਕ ਕੌਮਾਂਤਰੀ ਗਠਜੋੜ ਕਾਇਮ ਕਰਨਾ ਅਤੇ ਸਾਂਝੇ ਖੋਜ ਉਪਰਾਲਿਆਂ ਨੂੰ ਅੱਗੇ ਵਧਾਉਣਾ ਸੀ, ਤਾਂ ਜੋ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਕਾਦਮਿਕ ਆਗੂਆਂ ਨਾਲ ਬਿਹਤਰ ਤਾਲਮੇਲ ਰਾਹੀਂ ਵਿਦਿਆਰਥੀਆਂ ਦੇ ਵਿਸ਼ਵਵਿਆਪੀ ਤਜਰਬੇ ਅਤੇ ਸਮੁੱਚੇ ਸਿੱਖਣ ਦੇ ਅਨੁਭਵ ਨੂੰ ਵਧਾਇਆ ਜਾ ਸਕੇ। ਪੰਜ-ਰੋਜ਼ਾ ਸੰਮੇਲਨ ’ਚ ਦੁਨੀਆ ਭਰ ਦੇ ਰਾਜਦੂਤ ਅਤੇ ਕੂਟਨੀਤਕ ਨੁਮਾਇੰਦੇ, ਚਾਂਸਲਰ, ਰੈਕਟਰ, ਵਾਈਸ-ਚਾਂਸਲਰ, ਪ੍ਰਧਾਨ, ਪ੍ਰੋ-ਵਾਈਸ-ਚਾਂਸਲਰ, ਨਾਮਵਰ ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ‘ਥਿੰਕ ਟੈਂਕ’ ਅਤੇ ਵਿਸ਼ਵਵਿਆਪੀ ਸਿੱਖਿਆ ਮਾਹਰ ਸ਼ਾਮਲ ਹੋਏ ਅਤੇ ਵੱਖ-ਵੱਖ ਅਕਾਦਮਿਕ ਖੇਤਰਾਂ ’ਚ ਅਕਾਦਮਿਕ ਸਹਿਯੋਗ, ਗਿਆਨ ਦੇ ਆਦਾਨ-ਪ੍ਰਦਾਨ, ਤਕਨਾਲੋਜੀ ਦੇ ਤਬਾਦਲੇ, ਅਕਾਦਮਿਕ ਆਵਾਜਾਈ ਅਤੇ ਸਾਂਝੀ ਖੋਜ ਨੂੰ ਉਤਸ਼ਾਹਿਤ ਕੀਤਾ। ਇਕ ਟਿਕਾਊ ਵਿਸ਼ਵ-ਪਿੰਡ ਦੀ ਸਿਰਜਣਾ ਲਈ ਏਆਈ-ਅਧਾਰਿਤ ਖੋਜ ਅਤੇ ਨਵੀਨਤਾਵਾਂ ’ਚ ਸਹਿਯੋਗ ਦੇ ਵਿਸ਼ੇ ਤੇ ਆਯੋਜਿਤ ਇਸ ਵਿਸ਼ਵ-ਪੱਧਰੀ ਸਹਿਯੋਗੀ ਮੰਚ ਦਾ ਉਦੇਸ਼ ਸੰਸਥਾਵਾਂ ਲਈ ਸਾਂਝੀ ਖੋਜ ਕਰਨ, ਗਿਆਨ ਅਤੇ ਤਕਨਾਲੋਜੀਆਂ ਸਾਂਝੀਆਂ ਕਰਨ ਅਤੇ ਉੱਭਰਦੀਆਂ ਅਕਾਦਮਿਕ, ਤਕਨੀਕੀ, ਸਮਾਜਿਕ ਅਤੇ ਵਿਸ਼ਵ-ਪੱਧਰੀ ਚੁਣੌਤੀਆਂ ਨਾਲ ਨਜਿੱਠਣ ਦੇ ਮੌਕੇ ਪੈਦਾ ਕਰਨਾ ਹੈ। ਭਾਰਤ ’ਚ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ਼ ਮੁੱਖ ਮਹਿਮਾਨ ਅਤੇ ਯੂਕੇ ਦੇ ਦੂਤਾਵਾਸ ਦੀ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੀਓ ਦੇ ਨਾਲ-ਨਾਲ ਸਪੇਨ ਦੀ ਸਲਾਮਾਂਕਾ ਯੂਨੀਵਰਸਿਟੀ ’ਚ ਸੱਭਿਆਚਾਰ, ਵਿਰਾਸਤ ਅਤੇ ਸਥਿਰਤਾ ਮਾਮਲਿਆਂ ਦੀ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਮੈਟਿਲਡਾ ਮਾਰੀਆ ਓਲਾਰਟੇ ਮਾਰਟੀਨੇਜ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਈ ਹੋਰਨਾਂ ਮੁਲਕਾਂ ਦੇ ਨੁਮਾਇੰਦਿਆਂ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਦਮਨਦੀਪ ਕੌਰ ਸੰਧੂ ਅਤੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐਸ. ਬਾਵਾ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਮੌਜੂਦ ਸਨ। ਰੋਮਾਨੀਆ ਦੀ ਰਾਜਦੂਤ ਸੈਨਾ ਲਤੀਫ਼ ਨੇ ਕਿਹਾ ਕਿ ਤਕਨੀਕੀ ਤਰੱਕੀ ਨੇ ਦੁਨੀਆ ਦੀਆਂ ਦੂਰੀਆਂ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ ਅਤੇ ‘ਗਲੋਬਲ ਪਿੰਡ’ ਦਾ ਵਿਚਾਰ ਹੁਣ ਰੋਜ਼ਾਨਾ ਦੀ ਹਕੀਕਤ ਬਣ ਚੁੱਕਾ ਹੈ। ਯੂਕੇ ਦੇ ਦੂਤਾਵਾਸ ਦੇ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੀਓ ਨੇ ਕਿਹਾ ਕਿ ਏਆਈ ਯੂਨੀਵਰਸਿਟੀਆਂ, ਖੋਜ, ਸਿੱਖਿਆ ਅਤੇ ਕਾਰੋਬਾਰ ’ਚ ਤੇਜ਼ੀ ਨਾਲ ਬਦਲਾਅ ਲਿਆ ਰਹੀ ਹੈ, ਪਰ ਇਸ ਦੀ ਵਰਤੋਂ ਜ਼ਿੰਮੇਵਾਰੀ, ਸਮਾਵੇਸ਼ ਅਤੇ ਟਿਕਾਊ ਵਿਕਾਸ ਨੂੰ ਧਿਆਨ ’ਚ ਰੱਖ ਕੇ ਹੋਣੀ ਚਾਹੀਦੀ ਹੈ। ਭਾਰਤ ’ਚ ਚਿਲੀ ਦੇ ਰਾਜਦੂਤ ਜੁਆਨ ਐਂਗੁਲੋ ਨੇ ਕਿਹਾ, “ਨਕਲੀ ਬੁੱਧੀ ਦੀ ਚੁਣੌਤੀ ਨੂੰ ਇਕ ਸਾਂਝੀ ਵਿਸ਼ਵਵਿਆਪੀ ਚਿੰਤਾ ਵਜੋਂ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਬਰਾਬਰੀ, ਪਹੁੰਚਯੋਗਤਾ ਅਤੇ ਖੁੱਲ੍ਹਾਪਣ, ਅਤੇ ਨੈਤਿਕਤਾ ਅਤੇ ਪਾਰਦਰਸ਼ਤਾ ਇਸਦੇ ਮੂਲ ’ਚ ਹੋਵੇ। ਸਪੇਨ ਦੀ ਸਲਾਮਾਂਕਾ ਯੂਨੀਵਰਸਿਟੀ ਦੇ ਪ੍ਰੋ. ਮਾਟਿਲਡੇ ਮਾਰੀਆ ਓਲਾਰਟੇ ਮਾਰਟੀਨੇਜ਼ ਨੇ ਕਿਹਾ ਕਿ ਏਆਈ ਸਿਰਫ਼ ਤਕਨੀਕੀ ਤਰੱਕੀ ਨਹੀਂ, ਸਗੋਂ ਨੈਤਿਕ, ਸੱਭਿਆਚਾਰਕ ਅਤੇ ਸਮਾਜਿਕ ਫ਼ੈਸਲਿਆਂ ਨਾਲ ਜੁੜਿਆ ਇਕ ਮਹੱਤਵਪੂਰਨ ਖੇਤਰ ਹੈ, ਜਿਸ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਸਾਂਝੇ ਭਲੇ ਦੇ ਅਧਾਰ ’ਤੇ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਜੀਈਐਸ ਦੇ ਤਹਿਤ ਅਮਰੀਕਾ ਦੀ ਈਸਟਰਨ ਮੈਨੋਨਾਈਟ ਯੂਨੀਵਰਸਿਟੀ ਦਾ 13 ਮੈਂਬਰੀ ਵਫ਼ਦ, ਜਿਸ ’ਚ 11 ਵਿਦਿਆਰਥੀ ਅਤੇ ਦੋ ਫੈਕਲਟੀ ਮੈਂਬਰਾਂ ਨੇ ਵੀ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।