- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾ ਦੇ ਪਿਤਾ ਨੇਕਰਾਨਾਮ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਘਟਨਾ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਠੀ ਮਾਲਕ ਵੱਲੋਂ ਕੋਈ ਹਮਦਰਦੀ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ

ਮ੍ਰਿਤਕਾ ਦੇ ਪਿਤਾ ਨੇ ਉਚ ਪੱਧਰੀ ਜਾਂਚ ਦੀ ਲਗਾਈ ਗੁਹਾਰ
ਕੋਠੀ ਮਾਲਕ ਨੇ ਹਾਲੇ ਤੱਕ ਨਹੀਂ ਤੋੜੀ ਚੁੱਪ'
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਚੰਡੀਗੜ੍ਹ :
ਚੰਡੀਗੜ੍ਹ ਦੇ ਪੌਸ਼ ਇਲਾਕੇ ਸੈਕਟਰ-10 ਵਿਚ ਸਥਿਤ ਪੁਲਿਸ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਦੀ ਕੋਠੀ ਵਿਚੋਂ ਇਕ 18 ਸਾਲਾ ਲੜਕੀ ਤਾਪਤੀ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦੇ ਮਾਮਲੇ ’ਚ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸੈਕਟਰ-16 ਦੇ ਸਰਕਾਰੀ ਹਸਪਤਾਲ ਬਾਹਰ ਜ਼ੋਰਦਾਰ ਹੰਗਾਮਾ ਕੀਤਾ। ਐਤਵਾਰ ਨੂੰ ਜਦੋਂ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਜਾ ਰਹੀ ਸੀ, ਤਾਂ ਪੁਲਿਸ ਅਤੇ ਪੀੜਤ ਪਰਿਵਾਰ ਵਿਚਾਲੇ ਤਿੱਖੀ ਬਹਿਸ ਹੋ ਗਈ।
ਬਾਕਸ--
ਪਰਿਵਾਰਕ ਮੈਂਬਰਾਂ ਦੇ ਗੰਭੀਰ ਦੋਸ਼ :
ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਲਾਸ਼ ਨੂੰ ਲਟਕਾਇਆ ਗਿਆ ਹੈ। ਉਨ੍ਹਾਂ ਮੁਤਾਬਕ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਕਾਫ਼ੀ ਦੇਰੀ ਨਾਲ ਦਿੱਤੀ ਗਈ। ਜਦੋਂ ਉਹ ਸੈਕਟਰ-10 ਸਥਿਤ ਕੋਠੀ ਵਿਖੇ ਪਹੁੰਚੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਨਾ ਤਾਂ ਧੀ ਦੀ ਲਾਸ਼ ਦੇਖਣ ਦਿੱਤੀ ਅਤੇ ਨਾ ਹੀ ਉਸ ਕਮਰੇ ਅੰਦਰ ਜਾਣ ਦਿੱਤਾ ਜਿੱਥੇ ਲਾਸ਼ ਮਿਲੀ ਸੀ। ਪਰਿਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਲਾਸ਼ ਨੂੰ ਸੈਕਟਰ-16 ਹਸਪਤਾਲ ਲੈ ਗਈ ਸੀ।
ਬਾਕਸ--
ਰਾਤ 11:30 ਵਜੇ ਹੋਈ ਸੀ ਆਖ਼ਰੀ ਗੱਲਬਾਤ :
ਮ੍ਰਿਤਕਾ ਦੇ ਵੱਡੇ ਭਰਾ ਰਾਹੁਲ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਕਰੀਬ 11:30 ਵਜੇ ਉਸ ਦੀ ਆਪਣੀ ਭੈਣ ਨਾਲ ਫੋਨ 'ਤੇ ਲਗਭਗ 2 ਮਿੰਟ ਗੱਲ ਹੋਈ ਸੀ। ਉਸ ਵੇਲੇ ਤਾਪਤੀ ਨੇ ਦੱਸਿਆ ਸੀ ਕਿ ਕੋਠੀ ਵਿਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਅਤੇ ਉਸ ਨੂੰ ਕਾਫ਼ੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਸਵੇਰੇ ਜਲਦੀ ਉੱਠਣਾ ਪੈਂਦਾ ਹੈ ਅਤੇ ਫੋਨ ਕੱਟ ਦਿੱਤਾ। ਭਰਾ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਸੇ ਰਾਤ ਹੀ ਉਸ ਦੀ ਭੈਣ ਦਾ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਘਟਨਾ ਦੇ ਕਰੀਬ ਇਕ ਘੰਟੇ ਬਾਅਦ ਫੋਨ 'ਤੇ ਸਿਰਫ਼ ਇੰਨਾ ਕਿਹਾ ਗਿਆ ਸੀ ਕਿ "ਆਪਣੀ ਭੈਣ ਨੂੰ ਆ ਕੇ ਮਿਲ ਲਵੋ", ਪਰ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਮੁਤਾਬਕ ਉਹ ਮੂਲ ਰੂਪ ਵਿਚ ਪਿੰਡ ਹਰਦੋਈ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ। ਤਾਪਤੀ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਆਈ ਸੀ ਅਤੇ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਉਸ ਨੇ ਇਸ ਕੋਠੀ ਵਿਚ ਬਤੌਰ ਘਰੇਲੂ ਸਹਾਇਕਾ ਕੰਮ ਕਰਨਾ ਸ਼ੁਰੂ ਕੀਤਾ ਸੀ। ਮ੍ਰਿਤਕਾ ਦੀ ਭਾਬੀ ਸੋਨਮ ਨੇ ਦੋਸ਼ ਲਾਇਆ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।
ਬਾਕਸ--
ਪਿਤਾ ਨੇ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਕੀਤੀ ਮੰਗ :
ਮ੍ਰਿਤਕਾ ਦੇ ਪਿਤਾ ਨੇਕਰਾਨਾਮ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਘਟਨਾ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਠੀ ਮਾਲਕ ਵੱਲੋਂ ਕੋਈ ਹਮਦਰਦੀ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਜਦਕਿ ਨੈਤਿਕ ਤੌਰ 'ਤੇ ਉਨ੍ਹਾਂ ਨੂੰ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਰੰਭੀ ਜਾਵੇਗੀ।