- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਲੋਮਾਜਰਾ ਵਿਚ ਰਹਿਣ ਵਾਲੇ ਇੱਕ ਨੌਜਵਾਨ ਅਤੇ ਮੁਟਿਆਰ ਨੇ ਮੰਗਲਵਾਰ ਰਾਤ ਕਰੀਬ ਅੱਠ ਵਜੇ ਚੰਡੀਗੜ੍ਹ ਆ ਰਹੀ ਜਨ ਸ਼ਤਾਬਦੀ ਐਕਸਪ੍ਰੈੱਸ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ 19 ਸਾਲਾ ਮਨੀਸ਼ ਅਤੇ 19 ਸਾਲਾ ਪ੍ਰਿਆ ਵਜੋਂ ਹੋਈ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਹੱਲੋਮਾਜਰਾ ਵਿਚ ਰਹਿਣ ਵਾਲੇ ਇੱਕ ਨੌਜਵਾਨ ਅਤੇ ਮੁਟਿਆਰ ਨੇ ਮੰਗਲਵਾਰ ਰਾਤ ਕਰੀਬ ਅੱਠ ਵਜੇ ਚੰਡੀਗੜ੍ਹ ਆ ਰਹੀ ਜਨ ਸ਼ਤਾਬਦੀ ਐਕਸਪ੍ਰੈੱਸ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ 19 ਸਾਲਾ ਮਨੀਸ਼ ਅਤੇ 19 ਸਾਲਾ ਪ੍ਰਿਆ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜੀ.ਆਰ.ਪੀ. ਮੌਕੇ ’ਤੇ ਪਹੁੰਚੀ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾ ਦਿੱਤਾ ਸੀ। ਬੁੱਧਵਾਰ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।
ਰੇਲਵੇ ਟਰੈਕ ’ਤੇ ਬੁਰੀ ਤਰ੍ਹਾਂ ਨੁਕਸਾਨੀ ਹਾਲਤ ਵਿੱਚ ਮਿਲੀਆਂ ਲਾਸ਼ਾਂ
ਜੀ.ਆਰ.ਪੀ. ਅਧਿਕਾਰੀਆਂ ਅਨੁਸਾਰ ਰਾਤ ਕਰੀਬ ਸਾਢੇ ਅੱਠ ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਹੱਲੋਮਾਜਰਾ ਨੇੜੇ ਚੰਡੀਗੜ੍ਹ ਤੋਂ ਮੋਹਾਲੀ ਜਾਣ ਵਾਲੇ ਰੇਲਵੇ ਟਰੈਕ ’ਤੇ ਦੋਵਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨੀਸ਼ ਅਤੇ ਪ੍ਰਿਆ ਵਿਚਕਾਰ ਗੱਲਬਾਤ ਹੁੰਦੀ ਸੀ ਅਤੇ ਦੋਵਾਂ ਦੇ ਪ੍ਰੇਮ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।
ਭਰਾ ਨੇ ਗੱਲਬਾਤ ਕਰਨ ਤੋਂ ਰੋਕਣ ਦੀ ਗੱਲ ਕਹੀ
ਮ੍ਰਿਤਕ ਮਨੀਸ਼ ਦੇ ਭਰਾ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਭਰਾ ਅਤੇ ਮੁਟਿਆਰ ਵਿਚਕਾਰ ਕਰੀਬ ਦੋ ਸਾਲ ਤੋਂ ਗੱਲਬਾਤ ਹੁੰਦੀ ਸੀ। ਉਹ ਆਪਣੇ ਭਰਾ ਨੂੰ ਪ੍ਰਿਆ ਨਾਲ ਗੱਲ ਕਰਨ ਤੋਂ ਰੋਕਦਾ ਸੀ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵਾਂ ਨੂੰ ਗੱਲਬਾਤ ਕਰਨ ਤੋਂ ਮਨ੍ਹਾ ਕੀਤਾ ਸੀ। ਹਿਮਾਂਸ਼ੂ ਅਨੁਸਾਰ, ਉਸ ਨੇ ਪ੍ਰਿਆ ਦੇ ਪਰਿਵਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਤਿੰਨ ਦਿਨ ਪਹਿਲਾਂ ਵੀ ਉਸ ਨੇ ਮਨੀਸ਼ ਨੂੰ ਪ੍ਰਿਆ ਨਾਲ ਗੱਲਬਾਤ ਕਰਨ ਤੋਂ ਰੋਕਿਆ ਸੀ।
ਦੋਵੇਂ ਪਰਿਵਾਰ ਮਜ਼ਦੂਰੀ ਕਰਕੇ ਚਲਾਉਂਦੇ ਹਨ ਘਰ
ਦੋਵੇਂ ਮ੍ਰਿਤਕਾਂ ਦੇ ਪਰਿਵਾਰ ਹੱਲੋਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਪ੍ਰਿਆ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਉੱਥੇ ਹੀ ਮਨੀਸ਼ ਤਿੰਨ ਭਰਾਵਾਂ ਵਿੱਚੋਂ ਦੂਜੇ ਨੰਬਰ ’ਤੇ ਸੀ। ਮਨੀਸ਼ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ ਹੈ। ਦੋਵਾਂ ਮ੍ਰਿਤਕਾਂ ਦੇ ਪਰਿਵਾਰ ਪਿਛਲੇ ਕਰੀਬ 25-30 ਸਾਲ ਤੋਂ ਹੱਲੋਮਾਜਰਾ ਵਿੱਚ ਰਹਿ ਰਹੇ ਹਨ। ਜੀ.ਆਰ.ਪੀ. ਨੇ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।