ਚੰਡੀਗੜ੍ਹ ਕਤਲ ਕਾਂਡ: ਪਤਨੀ ਵੱਲੋਂ ਤਲਾਕ ਦੀ ਮੰਗ ਕਰਨ 'ਤੇ ਭੜਕੇ ਪਤੀ ਨੇ ਕੀਤਾ ਖ਼ੌਫ਼ਨਾਕ ਕਾਂਡ, ਕੁਝ ਹੀ ਘੰਟਿਆਂ 'ਚ ਗ੍ਰਿਫ਼ਤਾਰ
12 ਨਵੰਬਰ ਨੂੰ ਰੌਬਿਨ ਸੈਕਟਰ-27 ਸਥਿਤ ਆਪਣੀ ਪਤਨੀ ਦੇ ਦਫ਼ਤਰ ਪਹੁੰਚਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਦੋਵਾਂ ਨੇ ਪਹਿਲਾਂ ਇਕ ਮਾਰਕੀਟ ਵਿੱਚ ਖਾਣਾ ਖਾਧਾ ਅਤੇ ਫਿਰ ਐਕਟਿਵਾ 'ਤੇ ਘੁੰਮਦੇ ਹੋਏ ਸੈਕਟਰ-10 ਦੀ ਲੀਜ਼ਰ ਵੈਲੀ ਪਹੁੰਚ ਗਏ। ਇੱਥੇ ਦੋਵਾਂ ਵਿਚਕਾਰ ਮੁੜ ਤਕਰਾਰ ਹੋ ਗਈ
Publish Date: Sat, 14 Nov 2026 11:36 AM (IST)
Updated Date: Sat, 14 Nov 2026 11:42 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-10 ਸਥਿਤ ਲੇਜ਼ਰ ਵੈਲੀ ਪਾਰਕ ਵਿੱਚ ਵੀਰਵਾਰ ਸ਼ਾਮ ਇੱਕ ਮਹਿਲਾ ਦਾ ਕਤਲ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਸੁਲਝਾਉਂਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਤਨੀ ਵੱਲੋਂ ਤਲਾਕ ਦੇਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਪਤੀ ਨੇ ਗੁੱਸੇ ਵਿੱਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ। ਇਸੇ ਸ਼ੱਕ ਅਤੇ ਘਰੇਲੂ ਕਲੇਸ਼ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਮੁਲਜ਼ਮ ਦੀ ਪਛਾਣ ਰੌਬਿਨ (27) ਵਜੋਂ ਕੀਤੀ ਹੈ, ਜੋ ਨਯਾਗਾਓਂ ਦਾ ਰਹਿਣ ਵਾਲਾ ਹੈ ਅਤੇ ਸਵੀਪਰ ਦਾ ਕੰਮ ਕਰਦਾ ਹੈ। ਮ੍ਰਿਤਕਾ ਦੀ ਪਛਾਣ ਸ਼ਿਖਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਝਾਰਖੰਡ ਦੀ ਰਹਿਣ ਵਾਲੀ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਦੋ ਬੱਚਿਆਂ ਨਾਲ ਰਹਿ ਰਹੀ ਸੀ ਮਹਿਲਾ ਪੁਲਿਸ ਮੁਤਾਬਕ ਸ਼ਿਖਾ ਅਤੇ ਰੌਬਿਨ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ ਅਤੇ ਦੋ ਬੱਚੇ ਵੀ ਹਨ। ਦੋਵਾਂ ਵਿਚਕਾਰ ਲੰਮੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸ ਕਾਰਨ ਸ਼ਿਖਾ ਆਪਣੇ ਦੋਵੇਂ ਬੱਚਿਆਂ ਨਾਲ ਚੰਡੀਗੜ੍ਹ ਵਿੱਚ ਹੀ ਆਪਣੀ ਮਾਂ ਕੋਲ ਰਹਿ ਰਹੀ ਸੀ। ਪੁਲਿਸ ਅਨੁਸਾਰ ਰੌਬਿਨ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਪਾਰਕ 'ਚ ਲੈ ਜਾ ਕੇ ਕੀਤਾ ਹਮਲਾ ਜਾਂਚ ਅਨੁਸਾਰ 12 ਨਵੰਬਰ ਨੂੰ ਰੌਬਿਨ ਸੈਕਟਰ-27 ਸਥਿਤ ਆਪਣੀ ਪਤਨੀ ਦੇ ਦਫ਼ਤਰ ਪਹੁੰਚਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਦੋਵਾਂ ਨੇ ਪਹਿਲਾਂ ਇਕ ਮਾਰਕੀਟ ਵਿੱਚ ਖਾਣਾ ਖਾਧਾ ਅਤੇ ਫਿਰ ਐਕਟਿਵਾ 'ਤੇ ਘੁੰਮਦੇ ਹੋਏ ਸੈਕਟਰ-10 ਦੀ ਲੀਜ਼ਰ ਵੈਲੀ ਪਹੁੰਚ ਗਏ। ਇੱਥੇ ਦੋਵਾਂ ਵਿਚਕਾਰ ਮੁੜ ਤਕਰਾਰ ਹੋ ਗਈ। ਪੁਲਿਸ ਪੁੱਛਗਿੱਛ ਦੌਰਾਨ ਰੌਬਿਨ ਨੇ ਦੱਸਿਆ ਕਿ ਉਸ ਨੇ ਪਤਨੀ ਨੂੰ ਪੁੱਛਿਆ ਸੀ ਕਿ ਕੀ ਉਹ ਉਸ ਤੋਂ ਤਲਾਕ ਲੈਣਾ ਚਾਹੁੰਦੀ ਹੈ। ਜਦੋਂ ਸ਼ਿਖਾ ਨੇ ਹਾਂ ਵਿੱਚ ਜਵਾਬ ਦਿੱਤਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਪਾਰਕ ਵਿੱਚ ਪਏ ਪੇਵਰ ਬਲਾਕ ਨਾਲ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ।
ਕੂੜਾ ਚੁੱਕਣ ਵਾਲੇ ਨੇ ਦੇਖੀ ਸੀ ਲਾਸ਼ 13 ਨਵੰਬਰ ਦੀ ਸਵੇਰ ਇਕ ਕੂੜਾ ਚੁੱਕਣ ਵਾਲੇ ਨੌਜਵਾਨ ਨੇ ਪੈਟਰੋਲ ਪੰਪ ਦੇ ਪਿੱਛੇ ਗਰੀਨ ਬੈਲਟ 'ਚ ਮਹਿਲਾ ਦੀ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਕ੍ਰਾਈਮ ਸੈੱਲ, ਆਪਰੇਸ਼ਨ ਸੈੱਲ ਅਤੇ ਫੋਰੈਂਸਿਕ ਟੀਮ ਨੇ ਜਾਂਚ ਕੀਤੀ। ਮੌਕੇ ਤੋਂ ਖ਼ੂਨ ਨਾਲ ਲੱਥਪੱਥ ਪੇਵਰ ਬਲਾਕ ਵੀ ਬਰਾਮਦ ਹੋਇਆ।
ਸ਼ੁਰੂਆਤ ਵਿੱਚ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਸੀ। ਉਸ ਦੀ ਬਾਂਹ 'ਤੇ ਬੰਨ੍ਹੀ ਘੜੀ ਅਤੇ ਰੁਦਰਾਕਸ਼ ਦੀ ਮਾਲਾ ਸਮੇਤ ਹੋਰ ਨਿਸ਼ਾਨੀਆਂ ਦੇ ਆਧਾਰ 'ਤੇ ਪੁਲਿਸ ਨੇ ਉਸ ਦੀ ਪਛਾਣ ਸ਼ਿਖਾ ਵਜੋਂ ਕੀਤੀ।
ਪਹਿਲਾਂ ਵੀ ਦਰਜ ਹੋ ਚੁੱਕਾ ਸੀ ਕੁੱਟਮਾਰ ਦਾ ਮਾਮਲਾ ਪੁਲਿਸ ਅਨੁਸਾਰ ਸਤੰਬਰ ਮਹੀਨੇ ਰੌਬਿਨ ਨੇ ਆਪਣੀ ਸੱਸ ਨਾਲ ਵੀ ਕੁੱਟਮਾਰ ਕੀਤੀ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਹੁਣ ਪੁਲਿਸ ਵੱਲੋਂ ਕਤਲ ਦੇ ਪਿੱਛੇ ਰਹੇ ਕਾਰਨਾਂ ਅਤੇ ਘਟਨਾ ਦੇ ਪੂਰੇ ਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਾਰਦਾਤ ਵਾਲੀ ਥਾਂ ਤੋਂ ਕਰੀਬ 100 ਕਦਮਾਂ ਦੀ ਦੂਰੀ 'ਤੇ ਪੁਲਿਸ ਬੂਥ ਹੈ, ਜਦਕਿ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਮੁੱਖ ਦਫ਼ਤਰ ਵੀ ਕੁਝ ਦੂਰੀ 'ਤੇ ਸਥਿਤ ਹਨ। ਅਜਿਹੇ ਉੱਚ ਸੁਰੱਖਿਆ ਵਾਲੇ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ