ਸੁਰਿੰਦਰ ਗੁਲੀਆ ਅਤੇ ਸਵਾਤੀ ਮਿੱਤਲ ਨੇ ਜਿੱਤੇ ਚੰਡੀਗੜ੍ਹ ਮੈਰਾਥਨ ਦੇ ਹਾਫ਼ ਮੈਰਾਥਨ ਖ਼ਿਤਾਬ ਸੁਰਿੰਦਰ ਗੁਲੀਆ ਅਤੇ ਸਵਾਤੀ ਮਿੱਤਲ ਨੇ ਜਿੱਤੇ ਚੰਡੀਗੜ੍ਹ ਮੈਰਾਥਨ ਦੇ ਹਾਫ਼ ਮੈਰਾਥਨ ਖ਼ਿਤਾਬ
Publish Date: Sun, 11 Oct 2026 07:46 PM (IST)
Updated Date: Sun, 11 Oct 2026 07:47 PM (IST)
-ਡੀਸੀ ਚੰਡੀਗੜ੍ਹ ਨਿਸ਼ਾਂਤ ਯਾਦਵ ਨੇ ਖ਼ੁਦ ਮੈਰਾਥਨ ’ਚ 21 ਕਿੱਲੋਮੀਟਰ ਦੀ ਲਗਾਈ ਦੌੜ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਕੈਪੀਟਲ ਕੰਪਲੈਕਸ ਵਿਖੇ ਕਰਵਾਈ ਗਈ ਚੰਡੀਗੜ੍ਹ ਮੈਰਾਥਨ ਐਂਡ ਵੈਲਨੈੱਸ-2026 ਦੌਰਾਨ ਦੌੜਾਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸਮਾਗਮ ਦਾ ਮੁੱਖ ਉਦੇਸ਼ ਟਿਕਾਊ ਜੀਵਨ-ਸ਼ੈਲੀ, ਤੰਦਰੁਸਤੀ ਅਤੇ ਨਸ਼ਾ ਮੁਕਤ ਸਮਾਜ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਪੁਰਸ਼ ਅਤੇ ਮਹਿਲਾ ਵਰਗ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਪੁਰਸ਼ ਵਰਗ (ਹਾਫ਼ ਮੈਰਾਥਨ-21.1 ਕਿੱਲੋਮੀਟਰ) ਵਿਚ ਸੁਰਿੰਦਰ ਗੁਲੀਆ ਨੇ 1 ਘੰਟਾ 33 ਮਿੰਟ 34 ਸਕਿੰਟ ਦਾ ਸਮਾਂ ਲੈਂਦਿਆਂ ਪਹਿਲਾ ਸਥਾਨ ਹਾਸਲ ਕੀਤਾ। ਹਿਦਾਇਤ ਉੱਲਾ (1:34:16) ਦੂਜੇ ਅਤੇ ਕੇ. ਹਰੀਸ਼ (1:35:29) ਤੀਜੇ ਸਥਾਨ ਤੇ ਰਹੇ। ਮਹਿਲਾ ਵਰਗ (ਹਾਫ਼ ਮੈਰਾਥਨ-21.1 ਕਿੱਲੋਮੀਟਰ): ਸਵਾਤੀ ਮਿੱਤਲ ਨੇ 1 ਘੰਟਾ 52 ਮਿੰਟ 26 ਸਕਿੰਟ ’ਚ ਦੌੜ ਪੂਰੀ ਕਰਕੇ ਖ਼ਤਾਬ ਆਪਣੇ ਨਾਮ ਕੀਤਾ। ਆਰਸੀ ਧਿੰਡਸਾ (2:09:37) ਦੂਜੇ ਅਤੇ ਆਰ.ਜੇ. ਕੌਰ (2:11:59) ਤੀਜੇ ਸਥਾਨ ਤੇ ਰਹੀਆਂ। ਇਸ ਵਾਰ ਦਾ ਮੁੱਖ ਥੀਮ ਰਨ ਫਾਰ ਏ ਸਸਟੇਨੇਬਲ ਲਾਈਫ਼, ਡਰੱਗ-ਫਰੀ ਚੰਡੀਗੜ੍ਹ ਸੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਅਤੇ ਐੱਸਐੱਸਪੀ ਕਵਰਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇੱਥੋਂ ਤੱਕ ਕਿ ਡੀਸੀ ਨਿਸ਼ਾਂਤ ਯਾਦਵ ਨੇ ਖ਼ੁਦ ਇਸ ਮੈਰਾਥਨ ’ਚ 21 ਕਿੱਲੋਮੀਟਰ ਦੀ ਦੌੜ ਲਗਾਈ। 10 ਕਿੱਲੋਮੀਟਰ ਦੌੜ ਵਿਚ ਆਯੁਸ਼ ਅਮਨ (ਪੁਰਸ਼ ਵਰਗ ’ਚ 36:41) ਅਤੇ ਨਿਸ਼ਾ ਗਰਗ (ਮਹਿਲਾ ਵਰਗ ’ਚ 52:36) ਨੇ ਜਿੱਤ ਹਾਸਲ ਕੀਤੀ। ਪੰਜ ਕਿੱਲੋਮੀਟਰ ਦੌੜ ਵਿਚ ਨਵੀਨ ਸਿੰਘ ਪਵਾਰ (ਪੁਰਸ਼ ਵਰਗ ’ਚ 17:03) ਅਤੇ ਬਸਨਾ ਬਣਿਕ (ਮਹਿਲਾ ਵਰਗ ’ਚ 20:35) ਪਹਿਲੇ ਸਥਾਨ ਤੇ ਰਹੇ। ਇਸ ਮੌਕੇ ਆਯੋਜਕ ਰਾਹੁਲ ਗੋਇਲ ਨੇ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ’ਚ ਤੰਦਰੁਸਤੀ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਅਤੇ ਚੰਡੀਗੜ੍ਹ ’ਚ ਦੌੜਨ ਦਾ ਇਕ ਮਜ਼ਬੂਤ ਸੱਭਿਆਚਾਰ ਪੈਦਾ ਕਰਨਾ ਹੈ।