ਸਾਹਬ ਲੋਕਾਂ ਨੂੰ ਚੰਡੀਗੜ੍ਹ 'ਚ ਚਾਹੀਦੀ ਨੌਕਰੀ, ਡੈਪੂਟੇਸ਼ਨ ਲਈ ਸੀਨੀਆਰਤਾ ਛੱਡਣ ਨੂੰ ਵੀ ਤਿਆਰ; 94 ਅਹੁਦਿਆਂ ਲਈ ਆਏ 329 ਅਰਜ਼ੀਆਂ ਚੰਡੀਗੜ੍ਹ ਸਿੱਖਿਆ ਵਿਭਾਗ ’ਚ ਡੈਪੂਟੇਸ਼ਨ ਦੇ ਆਧਾਰ 'ਤੇ 94 ਅਹੁਦੇ ਭਰੇ ਜਾਣੇ ਹਨ। ਇਨ੍ਹਾਂ ’ਚ ਪ੍ਰਿੰਸੀਪਲ ਤੇ ਹੈੱਡਮਾਸਟਰ ਸਮੇਤ ਵੱਖ-ਵੱਖ ਕੈਡਰ ਦੇ ਅਹੁਦੇ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ ਕੁੱਲ 329 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਖ਼ਾਸ ਗੱਲ ਇਹ ਹੈ ਕਿ ਚੰਡੀਗੜ੍ਹ ’ਚ ਡੈਪੂਟੇਸ਼ਨ 'ਤੇ ਆਉਣ ਲਈ ਕਈ ਲੋਕ ਆਪਣੀ ਸੀਨੀਆਰਤਾ ਛੱਡਣ ਲਈ ਵੀ ਤਿਆਰ ਹਨ, ਜੋ ਸ਼ਹਿਰ ਪ੍ਰਤੀ ਉਨ੍ਹਾਂ ਦੇ ਕ੍ਰੇਜ਼ ਨੂੰ ਦਰਸਾਉਂਦਾ ਹੈ।
Publish Date: Sat, 03 Oct 2026 03:26 PM (IST)
Updated Date: Sat, 03 Oct 2026 03:29 PM (IST)
ਸੁਮੇਸ਼ ਠਾਕੁਰ, ਚੰਡੀਗੜ੍ਹ : ਚੰਡੀਗੜ੍ਹ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਹ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਡੈਪੂਟੇਸ਼ਨ ’ਤੇ ਚੰਡੀਗੜ੍ਹ ਆਉਣ ਲਈ ਲੋਕ ਆਪਣੀ ਸੀਨੀਆਰਤਾ ਤੱਕ ਛੱਡਣ ਨੂੰ ਤਿਆਰ ਹਨ। ਚੰਡੀਗੜ੍ਹ ਸਿੱਖਿਆ ਵਿਭਾਗ ’ਚ ਪ੍ਰਿੰਸੀਪਲ, ਹੈੱਡਮਾਸਟਰ ਸਮੇਤ ਵੱਖ-ਵੱਖ ਕੈਡਰ ਦੇ 94 ਅਹੁਦੇ ਡੈਪੂਟੇਸ਼ਨ ਦੇ ਆਧਾਰ 'ਤੇ ਭਰੇ ਜਾਣੇ ਹਨ, ਜਿਨ੍ਹਾਂ ਲਈ ਕੁੱਲ 329 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਨ੍ਹਾਂ ’ਚ ਦੋ ਪ੍ਰਿੰਸੀਪਲ ਅਹੁਦਿਆਂ ਲਈ ਪੰਜਾਬ ਤੋਂ 14 ਤੇ ਹਰਿਆਣਾ ਤੋਂ ਦੋ ਅਰਜ਼ੀਆਂ ਆਈਆਂ ਹਨ। ਪੰਜਾਬ ਤੋਂ ਅਰਜ਼ੀ ਦੇਣ ਵਾਲਿਆਂ ’ਚ ਸਕੂਲ ਆਫ਼ ਐਮੀਨੈਂਸ ਦੇ ਪ੍ਰਿੰਸੀਪਲ ਤੋਂ ਲੈ ਕੇ ਡਿਪਟੀ ਡੀਈਓ, ਅਸਿਸਟੈਂਟ ਡਾਇਰੈਕਟਰ ਤੇ ਡਾਇਟ ਦੇ ਪ੍ਰਿੰਸੀਪਲ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
ਬਿਨੈਕਾਰਾਂ ਦੀ 8 ਤੇ 9 ਅਕਤੂਬਰ ਨੂੰ ਸੈਕਟਰ-9 ਸਥਿਤ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਦੇ ਦਫ਼ਤਰ ’ਚ ਇੰਟਰੈਕਸ਼ਨ ਹੋਵੇਗੀ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਤਹਿਤ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਨਿਯੁਕਤੀਆਂ ਪੰਜਾਬ ਤੇ ਹਰਿਆਣਾ ਦੇ ਡੈਪੂਟੇਸ਼ਨ ਕੋਟੇ ਅਨੁਸਾਰ ਹੋਣੀਆਂ ਹਨ।
ਸਕੂਲ ਸਿੱਖਿਆ ਵਿਭਾਗ ’ਚ ਅਧਿਆਪਕਾਂ ਦੇ 20 ਫੀਸਦੀ ਤੇ ਪ੍ਰਿੰਸੀਪਲਾਂ ਦੇ 25 ਫੀਸਦੀ ਅਹੁਦੇ ਡੈਪੂਟੇਸ਼ਨ ਲਈ ਰਾਖਵੇਂ ਹਨ। ਇਨ੍ਹਾਂ ਅਹੁਦਿਆਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਸਿੱਧੀ ਭਰਤੀ ਨਹੀਂ ਕਰਦਾ, ਸਗੋਂ ਨਿਰਧਾਰਤ ਕੋਟੇ ਤਹਿਤ ਪੰਜਾਬ ਤੇ ਹਰਿਆਣਾ ਤੋਂ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ।
11 ’ਚੋਂ ਦੋ ਪ੍ਰਿੰਸੀਪਲ ਅਹੁਦੇ ਖਾਲੀ
ਸ਼ਹਿਰ ਦੇ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲ ਦੇ 11 ਅਹੁਦੇ ਪੰਜਾਬ ਤੇ ਹਰਿਆਣਾ ਦੇ ਡੈਪੂਟੇਸ਼ਨ ਕੋਟੇ ਤਹਿਤ ਰਾਖਵੇਂ ਹਨ। ਇਨ੍ਹਾਂ ਵਿੱਚੋਂ ਨੌਂ ਅਹੁਦਿਆਂ 'ਤੇ ਪੰਜਾਬ ਤੇ ਹਰਿਆਣਾ ਦੇ ਪ੍ਰਿੰਸੀਪਲ ਸੇਵਾਵਾਂ ਦੇ ਰਹੇ ਹਨ, ਜਦਕਿ ਦੋ ਅਹੁਦਿਆਂ 'ਤੇ ਨਿਯੁਕਤੀ ਹੋਣੀ ਹੈ। ਇਨ੍ਹਾਂ ਦੋ ਅਹੁਦਿਆਂ ਲਈ ਪੰਜਾਬ ਤੋਂ 14 ਤੇ ਹਰਿਆਣਾ ਤੋਂ ਦੋ ਅਰਜ਼ੀਆਂ ਆਈਆਂ ਹਨ।
ਹਰਿਆਣਾ ਤੋਂ ਅਰਜ਼ੀ ਦੇਣ ਵਾਲੇ ਦੋਵੇਂ ਅਧਿਕਾਰੀ ਇਸ ਸਮੇਂ ਪ੍ਰਿੰਸੀਪਲ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ, ਜਦਕਿ ਪੰਜਾਬ ਤੋਂ ਡਿਪਟੀ ਡੀਈਓ ਤੇ ਅਸਿਸਟੈਂਟ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਨੇ ਵੀ ਅਰਜ਼ੀ ਦਿੱਤੀ ਹੈ।
ਇਸ ਤੋਂ ਪਹਿਲਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਖੁੱਡਾ ਲਾਹੌਰਾ ’ਚ ਤਾਇਨਾਤ ਪ੍ਰਿੰਸੀਪਲ ਕੁਲਦੀਪ ਸਿੰਘ ਵੀ ਡਿਪਟੀ ਡਾਇਰੈਕਟਰ ਦਾ ਅਹੁਦਾ ਛੱਡ ਕੇ ਚੰਡੀਗੜ੍ਹ ’ਚ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਹਨ।
ਪੰਜਾਬ ਤੋਂ ਅਰਜ਼ੀ ਦੇਣ ਵਾਲੇ ਪ੍ਰਮੁੱਖ ਅਧਿਕਾਰੀ
ਨਾਮ ਅਹੁਦਾ ਸਥਾਨ ਮੁਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ, ਡਾਇਟ ਚੀਮਾ ਜੋਧਪੁਰ, ਬਰਨਾਲਾ ਰੀਤੂ ਬਾਲਾ ਡਿਪਟੀ ਡੀਈਓ ਮੋਹਾਲੀ ਡਾ. ਅਮਨਦੀਪ ਕੌਰ ਅਸਿਸਟੈਂਟ ਡਾਇਰੈਕਟਰ, ਪ੍ਰਿੰਸੀਪਲ ਪ੍ਰਾਈਵੇਟ ਏਡਿਡ ਸਕੂਲ ਬ੍ਰਾਂਚ ਮੋਹਾਲੀ ਡਾ. ਰਾਜੀਵ ਕੁਮਾਰ ਅਸਿਸਟੈਂਟ ਡਾਇਰੈਕਟਰ, ਐੱਸਸੀਈਆਰਟੀ ਪੰਜਾਬ ਮੋਹਾਲੀ ਅੰਗਰੇਜ਼ ਸਿੰਘ ਡਿਪਟੀ ਡੀਈਓ ਦਫ਼ਤਰ ਮੋਹਾਲੀ ਡਾ. ਆਨੰਦ ਗੁਪਤਾ ਪ੍ਰਿੰਸੀਪਲ, ਡਾਇਟ ਫਤਿਹਗੜ੍ਹ ਸਾਹਿਬ ਜਸਕੀਰਤ ਕੌਰ ਡੀਜੀਐੱਸਈ ਮੋਹਾਲੀ ਲਵਿਸ਼ ਚਾਵਲਾ ਪ੍ਰਿੰਸੀਪਲ, ਸਕੂਲ ਆਫ਼ ਐਮੀਨੈਂਸ ਫੇਜ਼-11, ਮੋਹਾਲੀ ਸੁਨੀਤਾ ਰਾਣੀ ਪ੍ਰਿੰਸੀਪਲ, ਸਕੂਲ ਆਫ਼ ਐਮੀਨੈਂਸ ਬਨਖੜਪੁਰ, ਮੋਹਾਲੀ
“ਡੈਪੂਟੇਸ਼ਨ 'ਤੇ ਨਿਯੁਕਤੀਆਂ ਕਰਨਾ ਪ੍ਰਸ਼ਾਸਨ ਦੀ ਨਾਕਾਮੀ ਦਰਸਾਉਂਦਾ ਹੈ। ਚੰਡੀਗੜ੍ਹ ਕੈਡਰ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ, ਜਦਕਿ ਡੈਪੂਟੇਸ਼ਨ ਦੇ ਸਹਾਰੇ ਵਿਭਾਗ ਚਲਾਇਆ ਜਾ ਰਿਹਾ ਹੈ, ਜੋ ਠੀਕ ਨਹੀਂ ਹੈ।”
— ਸਵਰਨ ਸਿੰਘ ਕੰਬੋਜ, ਪ੍ਰਧਾਨ, ਯੂਟੀ ਕੈਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ
“ਜੇ ਡੈਪੂਟੇਸ਼ਨ 'ਤੇ ਨਿਯੁਕਤੀਆਂ ਕੇਂਦਰ ਦੇ ਨਿਯਮਾਂ ਅਨੁਸਾਰ ਹੋਣ ਤਾਂ ਕੋਈ ਦਿੱਕਤ ਨਹੀਂ ਹੈ। ਇਸ ਸਮੇਂ ਕਰਮਚਾਰੀਆਂ ਨੂੰ ਤਰੱਕੀ ਦੇਣ ਦੀ ਬਜਾਏ ਕੋਟੇ ਤਹਿਤ ਡੈਪੂਟੇਸ਼ਨ 'ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨਿਯਮਤ ਭਰਤੀ ਲਈ ਰਿਕਰੂਟਮੈਂਟ ਏਜੰਸੀ ਵੀ ਸਾਹਮਣੇ ਨਹੀਂ ਲਿਆ ਪਾ ਰਿਹਾ। ਇਸ ਵਿਵਸਥਾ 'ਤੇ ਪ੍ਰਸ਼ਾਸਨ ਨੂੰ ਵਿਚਾਰ ਕਰਨਾ ਚਾਹੀਦਾ ਹੈ।”
— ਅਮਿਤਾਭ ਕਸ਼ਯਪ, ਸਕੱਤਰ, ਟੀਚਰਜ਼ ਐਸੋਸੀਏਸ਼ਨ ਆਫ਼ ਸਿਟੀ ਬਿਊਟੀਫੁਲ