ਯੂਟੀ ਪ੍ਰਸ਼ਾਸਨ ਨੂੰ ਮਾਰਚ ਮਹੀਨੇ ਵਿੱਚ ਵਸਤੂ ਅਤੇ ਸੇਵਾ ਕਰ ਸੰਗ੍ਰਹਿ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਮਾਰਚ 2026 ਵਿੱਚ ਪੋਸਟ-ਸੈਟਲਮੈਂਟ ਜੀ.ਐੱਸ.ਟੀ. ਕੁਲੈਕਸ਼ਨ 205 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ਦੇ 223 ਕਰੋੜ ਰੁਪਏ ਦੀ ਤੁਲਨਾ ਵਿੱਚ 18 ਕਰੋੜ ਰੁਪਏ ਘੱਟ ਹੈ। ਇਸ ਤਰ੍ਹਾਂ ਕੁਲੈਕਸ਼ਨ ਵਿੱਚ ਕਰੀਬ 8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਪਿਛਲੇ ਸਾਲ ਦਸੰਬਰ ਵਿੱਚ ਕੁਲੈਕਸ਼ਨ ਵਿੱਚ ਮਾਮੂਲੀ 2 ਫੀਸਦੀ ਦਾ ਵਾਧਾ ਹੋਇਆ ਸੀ ਅਤੇ ਮਾਲੀਆ 188 ਕਰੋੜ ਰੁਪਏ ਰਿਹਾ, ਜੋ ਦਸੰਬਰ 2024 ਦੇ 183 ਕਰੋੜ ਰੁਪਏ ਤੋਂ 5 ਕਰੋੜ ਰੁਪਏ ਵੱਧ ਸੀ। ਨਵੰਬਰ ਵਿੱਚ 6 ਫੀਸਦੀ ਦੇ ਵਾਧੇ ਨਾਲ ਕੁਲੈਕਸ਼ਨ 243 ਕਰੋੜ ਰੁਪਏ ਰਹੀ, ਜਦਕਿ ਅਕਤੂਬਰ ਵਿੱਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਕੁਲੈਕਸ਼ਨ 233 ਕਰੋੜ ਰੁਪਏ ਰਿਹਾ।
ਸਤੰਬਰ ਵਿੱਚ 17 ਫੀਸਦੀ ਦੇ ਮਜ਼ਬੂਤ ਵਾਧੇ ਨਾਲ ਕੁਲੈਕਸ਼ਨ 231 ਕਰੋੜ ਰੁਪਏ ਤੱਕ ਪਹੁੰਚੀ ਸੀ। ਉੱਥੇ ਹੀ ਜੂਨ, ਜੁਲਾਈ ਅਤੇ ਅਗਸਤ ਵਿੱਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ ਸੀ। ਅਗਸਤ ਵਿੱਚ 12 ਫੀਸਦੀ ਦੀ ਗਿਰਾਵਟ ਨਾਲ ਕੁਲੈਕਸ਼ਨ 214 ਕਰੋੜ ਰੁਪਏ ਰਹੀ, ਜਦਕਿ ਜੁਲਾਈ ਵਿੱਚ 221 ਕਰੋੜ ਅਤੇ ਜੂਨ ਵਿੱਚ 220 ਕਰੋੜ ਰੁਪਏ ਦੀ ਕੁਲੈਕਸ਼ਨ ਦਰਜ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਮਈ 2025 ਵਿੱਚ ਯੂਟੀ ਨੇ 53 ਫੀਸਦੀ ਦਾ ਰਿਕਾਰਡ ਵਾਧਾ ਦਰਜ ਕੀਤਾ ਸੀ, ਜਦੋਂ ਜੀ.ਐੱਸ.ਟੀ. ਕੁਲੈਕਸ਼ਨ 363 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਅਪ੍ਰੈਲ ਵਿੱਚ ਵੀ 7 ਫੀਸਦੀ ਦੇ ਵਾਧੇ ਨਾਲ ਕੁਲੈਕਸ਼ਨ 334 ਕਰੋੜ ਰੁਪਏ ਰਹੀ ਸੀ। ਕੁੱਲ ਮਿਲਾ ਕੇ, ਯੂਟੀ ਵਿੱਚ ਜੀ.ਐੱਸ.ਟੀ. ਕੁਲੈਕਸ਼ਨ ਵਿੱਚ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ, ਜਿੱਥੇ ਕੁਝ ਮਹੀਨਿਆਂ ਵਿੱਚ ਵਾਧਾ ਤਾਂ ਕੁਝ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।