ਚੰਡੀਗੜ੍ਹ ਦੇ ਬੈਂਕ, ਮੁਹਾਲੀ ਏਅਰਪੋਰਟ ਤੇ ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਨੂੰ ਪਈਆਂ ਭਾਜੜਾਂ ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਬੈਂਕ ਵੀ ਬੰਬ ਧਮਾਕਿਆਂ ਦੀਆਂ ਧਮਕੀਆਂ ਦੇਣ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੋਹਾਲੀ ਏਅਰਪੋਰਟ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਵੀ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਵੀਰਵਾਰ ਸਵੇਰੇ ਇੰਡੀਅਨ ਬੈਂਕ ਦੇ ਚੰਡੀਗੜ੍ਹ ਮੁੱਖ ਦਫ਼ਤਰ ਸਮੇਤ ਜ਼ੋਨਲ ਦਫ਼ਤਰ ਅਤੇ ਫੀਲਡ ਜਨਰਲ ਮੈਨੇਜਰ ਦਫ਼ਤਰ (ਐੱਫਜੀਐੱਮਓ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਇਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ।
Publish Date: Thu, 12 Nov 2026 03:06 PM (IST)
Updated Date: Thu, 12 Nov 2026 03:08 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ - ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਬੈਂਕ ਵੀ ਬੰਬ ਧਮਾਕਿਆਂ ਦੀਆਂ ਧਮਕੀਆਂ ਦੇਣ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੋਹਾਲੀ ਏਅਰਪੋਰਟ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਵੀ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਵੀਰਵਾਰ ਸਵੇਰੇ ਇੰਡੀਅਨ ਬੈਂਕ ਦੇ ਚੰਡੀਗੜ੍ਹ ਮੁੱਖ ਦਫ਼ਤਰ ਸਮੇਤ ਜ਼ੋਨਲ ਦਫ਼ਤਰ ਅਤੇ ਫੀਲਡ ਜਨਰਲ ਮੈਨੇਜਰ ਦਫ਼ਤਰ (ਐੱਫਜੀਐੱਮਓ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਇਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ।
ਈਮੇਲ ਵਿੱਚ ਚੰਡੀਗੜ੍ਹ ਸਥਿਤ ਬੈਂਕ ਦੀ ਸ਼ਾਖਾ ਵਿੱਚ ਦੁਪਹਿਰ 1:11 ਵਜੇ ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਮੋਹਾਲੀ ਏਅਰਪੋਰਟ ਨੂੰ ਵੀ ਰਾਤ 9:11 ਵਜੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। 12 ਨਵੰਬਰ 2026 ਨੂੰ ਸਵੇਰੇ 10:40 ਵਜੇ ‘ਈਸ਼ਾ ਸਮਿਥ’ ਨਾਂ ਦੀ ਈਮੇਲ ਆਈਡੀ ਤੋਂ ਭੇਜੇ ਗਏ ਇਸ ਸੰਦੇਸ਼ ਦਾ ਵਿਸ਼ਾ ‘ਬੰਬ ਬਲਾਸਟ @ ਇੰਡੀਅਨ ਬੈਂਕ ਚੰਡੀਗੜ੍ਹ ਬ੍ਰਾਂਚ 1:11 ਪੀਐੱਮ’ ਰੱਖਿਆ ਗਿਆ ਹੈ। ਈਮੇਲ ਵਿੱਚ ਬੈਂਕ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਧਮਕੀ ਭਰੇ ਸੰਦੇਸ਼ ਵਿੱਚ 12 ਦਸੰਬਰ ਨੂੰ ਮੁੱਲਾਂਪੁਰ ਸਥਿਤ ਸਟੇਡੀਅਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਕੰਸਰਟ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਈਮੇਲ ਵਿੱਚ ਸ਼ੋਅ ਦੌਰਾਨ ਆਈਫੋਨ ਵਿੱਚ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਅਮਿਤਾਭ ਬੱਚਨ ਦੇ 31 ਦਸੰਬਰ ਤੱਕ ‘ਜਲਸਾ’ ਜਾਣ ਅਤੇ ਸਾਲ 1984 ਦੇ ਦੰਗਿਆਂ ਤੇ ਬਦਲੇ ਦਾ ਜ਼ਿਕਰ ਕਰਦਿਆਂ ਧਮਕੀ ਨੂੰ ਹੋਰ ਗੰਭੀਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਈਮੇਲ ਦੇ ਅੰਤ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ (ਪਰਮਾਰ-ਕੈਨੇਡਾ) ਵਰਗੇ ਸੰਗਠਨਾਂ ਦੇ ਨਾਂ ਨਾਲ ਕੁਝ ਵਿਅਕਤੀਆਂ ਦੇ ਨਾਂ ਵੀ ਲਿਖੇ ਗਏ ਹਨ। ਸੰਦੇਸ਼ ਵਿੱਚ ਆਮ ਲੋਕਾਂ ਨੂੰ ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਨਾ ਜਾਣ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸੜਕ 'ਤੇ ਪਈ ਕਿਸੇ ਅਣਜਾਣ ਵਸਤੂ ਜਾਂ ਆਈਫੋਨ ਨੂੰ ਹੱਥ ਨਾ ਲਾਉਣ ਦੀ ਅਪੀਲ ਕੀਤੀ ਗਈ ਹੈ। ਲਗਾਤਾਰ ਮਿਲ ਰਹੀਆਂ ਧਮਕੀਆਂ ਦਰਮਿਆਨ ਬੈਂਕ ਨੂੰ ਭੇਜੀ ਗਈ ਇਸ ਈਮੇਲ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।