ਸੀਜੀਸੀ ਲਾਂਡਰਾਂ ਨੇ ‘ਕਹੀਂ ਗੁਮ ਨਾ ਹੋ ਜਾਏਂ’ ਸੀਜ਼ਨ-9 ਦੀ ਕੀਤੀ ਮੇਜ਼ਬਾਨੀ ਸੀਜੀਸੀ ਲਾਂਡਰਾਂ ਨੇ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏਂ ‘ਸੀਜ਼ਨ-9 ਦੀ ਕੀਤੀ ਮੇਜ਼ਬਾਨੀ
Publish Date: Tue, 22 Sep 2026 06:06 PM (IST)
Updated Date: Wed, 23 Sep 2026 04:03 AM (IST)
-ਪਦਮ ਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਕਾਲਜ ਆਫ਼ ਹਾਸਪਿਟੈਲਿਟੀ ਦੇ ਲਾਂਡਰਾਂ ਕੈਂਪਸ ਵੱਲੋਂ ਐਨਜੀਓ ‘ਲੈਟਸ ਗਿਵ ਬੈਕ’ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਦੇ ਮਸ਼ਹੂਰ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏ’ ਸੀਜ਼ਨ-9 ਦੇ ਪੰਜਾਬ ਐਡੀਸ਼ਨ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ ਗਈ। ‘ਮਾਈ ਸਟੇਟ ਇਨ ਮਾਈ ਪਲੇਟ’ ਥੀਮ ’ਤੇ ਆਧਾਰਿਤ ਇਸ ਸਮਾਗਮ ਦਾ ਮੁੱਖ ਮਕਸਦ ਭਾਰਤ ਦੀਆਂ ਲੁਪਤ ਹੋ ਰਹੀਆਂ ਰਵਾਇਤੀ ਪਕਵਾਨਾਂ, ਭੁੱਲੀਆਂ ਹੋਈਆਂ ਰਸੋਈ ਪਰੰਪਰਾਵਾਂ ਅਤੇ ਖੇਤਰੀ ਭੋਜਨ ਵਿਰਾਸਤ ਨੂੰ ਮੁੜ ਸੁਰਜੀਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਨਮਾਨ ਸਮਾਰੋਹ ਨਾਲ ਹੋਈ, ਜਿਸ ’ਚ ਦੇਸ਼ ਦੇ ਮਸ਼ਹੂਰ ਪਦਮ ਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕਰਨਲ ਅਤੁਲ ਸਕਸੈਨਾ (ਸਹਿ-ਸੰਸਥਾਪਕ, ‘ਕਹੀਂ ਗੁਮ ਨਾ ਹੋ ਜਾਏ’), ਡਾਇਰੈਕਟਰ ਪ੍ਰਿੰਸੀਪਲ ਡਾ. ਵਿਮਲ ਕੁਮਾਰ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਪੋਸ਼ਣ ਵਿਗਿਆਨੀ ਸ਼੍ਰੀਮਤੀ ਸਰਿਤਾ ਖੁਰਾਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਨੂੰ ਮੁੱਖ ਕੋਆਰਡੀਨੇਟਰ ਸ੍ਰੀਮਤੀ ਰੀਨਾ ਮੁਖਰਜੀ ਅਤੇ ਸਟੇਟ ਕੋਆਰਡੀਨੇਟਰ ਪ੍ਰਿਯੰਕਾ ਜੈਨ ਦਾ ਪੂਰਨ ਸਹਿਯੋਗ ਮਿਲਿਆ। ਇਸ ਪਹਿਲਕਦਮੀ ਨੂੰ ਪ੍ਰਸਿੱਧ ਸ਼ੈੱਫ ਰਣਵੀਰ ਬਰਾੜ, ਸ਼ੈੱਫ ਵਿਕਾਸ ਖੰਨਾ ਅਤੇ ਬਾਲੀਵੁੱਡ ਅਦਾਕਾਰਾ ਸੁਚਿੱਤਰਾ ਪਿੱਲਈ ਵੱਲੋਂ ਵੀ ਸਮਰਥਨ ਪ੍ਰਾਪਤ ਹੈ। ਇਸ ਮੁਕਾਬਲੇ ’ਚ ਟ੍ਰਾਈਸਿਟੀ ਤੋਂ ਲਗਭਗ 40 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਖੇਤਰੀ ਤੇ ਸੱਭਿਆਚਾਰਕ ਰਸੋਈ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦਾ ਮੁਲਾਂਕਣ ਸ਼ੈੱਫ ਵਿਸ਼ਵਦੀਪ ਸਿੰਘ ਬਾਲੀ, ਸ਼ੈੱਫ ਵਿਕਾਸ ਚਾਵਲਾ ਅਤੇ ਡਾ. ਵਿਮਲ ਕੁਮਾਰ ਤੇ ਆਧਾਰਿਤ ਜੱਜਿੰਗ ਪੈਨਲ ਵੱਲੋਂ ਕੀਤਾ ਗਿਆ। ਸ੍ਰੀਮਤੀ ਰਿਤੂ ਸੋਨੀ ਨੇ ਪਹਿਲਾ ਸਥਾਨ ਹਾਸਲ ਕਰਕੇ ਖਿਤਾਬ ਆਪਣੇ ਨਾਮ ਕੀਤਾ ਜਦੋਂਕਿ ਸ੍ਰੀਮਤੀ ਅਨੀਤਾ ਬਲਾਨਾ ਪਹਿਲੀ ਰਨਰ-ਅੱਪ ਰਹੀ। ਚੰਡੀਗੜ੍ਹ ਜ਼ੋਨ ਦੀਆਂ ਇਹ ਦੋਵੇਂ ਜੇਤੂ ਹੁਣ ਦਿੱਲੀ ਵਿਚ ਹੋਣ ਵਾਲੇ ਗ੍ਰੈਂਡ ਫਿਨਾਲੇ ’ਚ ਪੰਜਾਬ ਦਾ ਪ੍ਰਤੀਨਿਧਤਾ ਕਰਨਗੀਆਂ। ਰਾਸ਼ਟਰੀ ਪੱਧਰ ਦੇ ਚੋਟੀ ਦੇ ਤਿੰਨ ਜੇਤੂਆਂ ਲਈ 1,50,000 ਦੀ ਕੁੱਲ ਇਨਾਮੀ ਰਾਸ਼ੀ ਰੱਖੀ ਗਈ ਹੈ। ਸ਼ੈੱਫ ਡਾ. ਸੰਜੀਵ ਕਪੂਰ ਨੇ ਕਿਹਾ ਮੈਂ ਪ੍ਰਬੰਧਕਾਂ ਅਤੇ ਕਰਨਲ ਸਕਸੈਨਾ ਦੀ ਇਸ ਅਨੋਖੀ ਪਹਿਲਕਦਮੀ ਦੀ ਸ਼ਲਾਘਾ ਕਰਦਾ ਹਾਂ। ਲੀਡਰਸ਼ਿਪ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਚਾਹੇ ਰਸੋਈ ਦੀ ਦੁਨੀਆ ਹੋਵੇ ਜਾਂ ਆਮ ਜ਼ਿੰਦਗੀ, ਹਮੇਸ਼ਾ ਅੱਗੇ ਵਧਣ ਦਾ ਜਜ਼ਬਾ ਰੱਖੋ। ਸਾਨੂੰ ਆਪਣੇ ਆਲੇ-ਦੁਆਲੇ ਦੀਆਂ ਚੰਗੀਆਂ ਚੀਜ਼ਾਂ ਅਤੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੀਜੀਸੀ ਲਾਂਡਰਾਂ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਅਤੇ ਚੰਗਾ ਐਕਸਪੋਜ਼ਰ ਦੇਣ ’ਚ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ। ਸ਼ੈੱਫ ਸੰਜੀਵ ਕਪੂਰ ਦੇਸ਼-ਵਿਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਭੋਜਨ ਸਾਡੀ ਪਰੰਪਰਾਵਾਂ ਨੂੰ ਪੀੜ੍ਹੀ ਦਰ ਪੀੜ੍ਹੀ ਜੋੜਦਾ ਹੈ, ਅਤੇ ਇਸ ਛੋਟੇ ਜਿਹੇ ਜੀਵਨ ਵਿੱਚ ਸਾਨੂੰ ਸਮਾਜ ਨੂੰ ਕੁਝ ਚੰਗਾ ਵਾਪਸ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਕਰਨਲ ਅਤੁਲ ਸਕਸੈਨਾ ਨੇ ਦੱਸਿਆ ਕਿ ਇਹ ਮੁਕਾਬਲਾ ਮਰਹੂਮ ਸ਼੍ਰੀਮਤੀ ਬਬੀਤਾ ਸਕਸੈਨਾ ਵੱਲੋਂ ਸਾਲ 2016 ’ਚ ਸ਼ੁਰੂ ਕੀਤਾ ਗਿਆ ਸੀ। ‘ਕਹੀਂ ਗੁਮ ਨਾ ਹੋ ਜਾਏ’ ਦਾ ਸੀਜ਼ਨ-9 ਭਾਰਤ ਦੇ 22 ਤੋਂ ਵੱਧ ਸ਼ਹਿਰਾਂ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸੀਜੀਸੀ ਲਾਂਡਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।