
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਰੂਸ-ਯੂਕਰੇਨ ਜੰਗ ’ਚ ਮਾਰੇ ਗਏ ਤੇ ਲਾਪਤਾ ਹੋਏ ਨੌਜਵਾਨਾਂ ਦੇ ਮਾਮਲੇ ਦਾ ਕੇਂਦਰ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਹੁਣ ਤੱਕ ਪੰਜਾਬ ਦੇ ਕਰੀਬ ਛੇ ਨੌਜਵਾਨ ਰੂਸ-ਯੂਕਰੇਨ ਜੰਗ ’ਚ ਮਾਰੇ ਜਾ ਚੁੱਕੇ ਹਨ ਜਾਂ ਲਾਪਤਾ ਹੋ ਚੁੱਕੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਰੂਸ-ਯੂਕਰੇਨ ਜੰਗ ’ਚ ਮਾਰੇ ਗਏ ਤੇ ਲਾਪਤਾ ਹੋਏ ਨੌਜਵਾਨਾਂ ਦੇ ਮਾਮਲੇ ਦਾ ਕੇਂਦਰ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਹੁਣ ਤੱਕ ਪੰਜਾਬ ਦੇ ਕਰੀਬ ਛੇ ਨੌਜਵਾਨ ਰੂਸ-ਯੂਕਰੇਨ ਜੰਗ ’ਚ ਮਾਰੇ ਜਾ ਚੁੱਕੇ ਹਨ ਜਾਂ ਲਾਪਤਾ ਹੋ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਪੰਜਾਬ ਸਮੇਤ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਤੁਰੰਤ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਰੂਸੀ ਹਥਿਆਰਬੰਦ ਫ਼ੌਜਾਂ ’ਚ ਭਰਤੀ ਹੋਏ ਲਗਭਗ 217 ’ਚੋਂ 49 ਭਾਰਤੀ ਨਾਗਰਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਮੌਤ ਦੇ ਮੂੰਹ ’ਚ ਜਾਣ ਵਾਲੇ ਜ਼ਿਆਦਾਤਰ ਨੌਜਵਾਨ ਪੰਜਾਬ ਤੇ ਹਰਿਆਣਾ ਤੋਂ ਹਨ, ਜਦਕਿ ਰਾਜਸਥਾਨ ਦੇ ਕਈ ਹੋਰ ਨੌਜਵਾਨ ਹਾਲੇ ਵੀ ਲਾਪਤਾ ਜਾਂ ਫਸੇ ਹੋਏ ਹਨ।
ਟਰੈਵਲ ਏਜੰਟਾਂ ਨੇ ਨੌਕਰੀਆਂ ਦੇ ਵਾਅਦੇ ’ਤੇ ਨੌਜਵਾਨਾਂ ਨੂੰ ਰੂਸ ਭੇਜਿਆ ਪਰ ਬਾਅਦ ’ਚ ਉਨ੍ਹਾਂ ਨੂੰ ਰੂਸੀ ਹਥਿਆਰਬੰਦ ਫੌਜਾਂ ’ਚ ਭਰਤੀ ਹੋਣ ਲਈ ਮਜਬੂਰ ਕੀਤਾ ਗਿਆ। ਰੂਸੀ ਫ਼ੌਜ ਦੇ ਯੂਕਰੇਨ ਨਾਲ ਸੰਘਰਸ਼ ਦੌਰਾਨ ਉਨ੍ਹਾਂ ’ਚੋਂ ਕਈਆਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ। ਹੁਣ ਇਨ੍ਹਾਂ ਨੌਜਵਾਨਾਂ ਦੇ ਮਾਪੇ ਅਕਤੂਬਰ, 2025 ਤੋਂ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਦੀ ਉਡੀਕ ਕਰ ਰਹੇ ਹਨ। ਮਾਪਿਆਂ ਦੀ ਅਪੀਲ ’ਤੇ ਵਿਦੇਸ਼ ਮੰਤਰਾਲੇ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਪਰਿਵਾਰਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਡੀਐੱਨਏ ਟੈਸਟ ਕਰਵਾਉਣ ’ਚ ਮਦਦ ਕਰਨ ਤਾਂ ਜੋ ਇਨ੍ਹਾਂ ਦਾ ਮੇਲ ਲਾਸ਼ਾਂ ਨਾਲ ਹੋ ਸਕੇ।
ਵਿਦੇਸ਼ ਮੰਤਰਾਲੇ ਨੇ ਸੂਬਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਪੀੜਤ ਪਰਿਵਾਰਾਂ ਨੂੰ ਡੀਐੱਨਏ ਟੈਸਟ, ਰੂਸੀ ਅਧਿਕਾਰੀਆਂ ਨਾਲ ਮੁਆਵਜ਼ੇ ਦੇ ਦਾਅਵੇ ਜਮ੍ਹਾਂ ਕਰਵਾਉਣ ਤੇ ਹੋਰ ਰਸਮੀ ਕਾਰਵਾਈਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ। ਮੰਤਰਾਲੇ ਨੇ ਕਿਹਾ ਹੈ ਕਿ ਨੌਜਵਾਨਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪਣ ਤੋਂ ਪਹਿਲਾਂ ਡੀਐੱਨਏ ਮਿਲਾਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤੇ ਮੁਆਵਜ਼ੇ ਦੇ ਦਾਅਵਿਆਂ ਲਈ ਅਨੁਵਾਦਤ ਦਸਤਾਵੇਜ਼ ਪ੍ਰਦਾਨ ਕੀਤੇ ਜਾਣਗੇ। ਤਿੰਨਾਂ ਸੂਬਿਆਂ ਨਾਲ ਕੀਤੇ ਗਏ ਪੱਤਰ ਵਿਹਾਰ ’ਚ ਕਿਹਾ ਗਿਆ ਹੈ ਕਿ ਦਾਅਵੇ ਪੈਂਡਿੰਗ ਹੋਣ ਕਾਰਨ ਲਾਸ਼ਾਂ ਦੀ ਵਾਪਸੀ ਜਾਂ ਅੰਤਮ ਸੰਸਕਾਰ ’ਚ ਦੇਰੀ ਨਹੀਂ ਹੋਣੀ ਚਾਹੀਦੀ। ਪੱਤਰ ’ਚ ਡੀਐੱਨਏ ਟੈਸਟ ਰਿਪੋਰਟਾਂ ਵਿਦੇਸ਼ ਮੰਤਰਾਲੇ ਨਾਲ ਸਾਂਝੀਆਂ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਾਸਕੋ ’ਚ ਦੂਤਘਰ ਰਾਹੀਂ ਰੂਸੀ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਅਵਸ਼ੇਸ਼ਾਂ-ਲਾਪਤਾ ਵਿਅਕਤੀਆਂ ਦੀ ਪਛਾਣ ਲਈ ਭੇਜੀਆਂ ਜਾ ਸਕਣ।
ਪੰਜਾਬ ਦੇ ਤਿੰਨ ਪਰਿਵਾਰ ਆਪਣੇ ‘ਪੁੱਤਰਾਂ’ ਦੀ ਉਡੀਕ ’ਚ
ਵਿਦੇਸ਼ ਮੰਤਰਾਲੇ ਨੇ ਪੰਜਾਬ ਸਰਕਾਰ ਨਾਲ ਛੇ ਨੌਜਵਾਨਾਂ ਦੀ ਸੂਚੀ ਸਾਂਝੀ ਕੀਤੀ ਹੈ। ਇਹ ਅੰਮ੍ਰਿਤਸਰ, ਬਟਾਲਾ, ਤਰਨਤਾਰਨ, ਗੁਰਦਾਸਪੁਰ ਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਸੂਚੀ ’ਚ ਸ਼ਾਮਲ ਇਨ੍ਹਾਂ ਛੇ ਨੌਜਵਾਨਾਂ ’ਚੋਂ ਤਿੰਨ ਦੀਆਂ ਲਾਸ਼ਾਂ ਘਰ ਵਾਪਸ ਭੇਜ ਦਿੱਤੀਆਂ ਗਈਆਂ ਸਨ। ਬਾਕੀ ਤਿੰਨ ਪਰਿਵਾਰ ਹਾਲੇ ਵੀ ਦੇਹਾਂ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ’ਚੋਂ ਸਾਹਿਲ ਸੇਖੜੀ ਪੈਰਿਸ ਟਾਊਨ, ਬਟਾਲਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। 9 ਸਤੰਬਰ, 2025 ਨੂੰ ਇਕ ਨੋਟ ਵਰਬਲੀ ਭੇਜਿਆ ਗਿਆ ਸੀ। ਗੁਰਸੇਵਕ ਸਿੰਘ ਪਿੰਡ ਬੋਹਜਾ, ਡਾਕਘਰ ਭੋਮਾ, ਬਟਾਲਾ, ਗੁਰਦਾਸਪੁਰ ਨੂੰ 12 ਸਤੰਬਰ 2025 ਤੋਂ ਲਾਪਤਾ ਵਜੋਂ ਸੂਚੀਬੱਧ ਕੀਤਾ ਗਿਆ ਸੀ। ਰੂਸੀ ਅਧਿਕਾਰੀਆਂ ਨੇ ਬਾਅਦ ਵਿਚ ਪੁਸ਼ਟੀ ਕੀਤੀ ਕਿ ਉਸ ਦੀ ਮੌਤ 13 ਸਤੰਬਰ 2025 ਨੂੰ ਹੋ ਗਈ ਸੀ। ਉਸ ਦੀ ਦੇਹ 8 ਮਈ 2026 ਨੂੰ ਭਾਰਤ ਭੇਜ ਦਿੱਤੀ ਗਈ ਸੀ। ਹੋਰ ਜਿਨ੍ਹਾਂ ਦੀਆਂ ਲਾਸ਼ਾਂ ਘਰ ਵਾਪਸ ਨਹੀਂ ਭੇਜੀਆਂ ਗਈਆਂ, ਉਨ੍ਹਾਂ ’ਚ ਦਸ਼ਮੇਸ਼ ਨਗਰ ਧਰਮਪੁਰਾ, ਜੌੜਾ ਫਾਟਕ, ਅੰਮ੍ਰਿਤਸਰ ਦਾ ਹੀਰਾ ਸਿੰਘ ਸ਼ਾਮਲ ਹੈ, ਜਿਸ ਦੀ ਮੌਤ 4 ਨਵੰਬਰ, 2025 ਨੂੰ ਹੋਣ ਦੀ ਖ਼ਬਰ ਹੈ। ਪਿੰਡ ਹਵੇਲੀਆ, ਚੰਬਾ ਕਲਾਂ, ਤਰਨਤਾਰਨ ਦੇ ਹਰਵਿੰਦਰ ਸਿੰਘ ਦਾ ਰੂਸੀ ਪੱਖ ਤੋਂ ਕੋਈ ਅਪਡੇਟ ਨਹੀਂ ਹੈ। ਉਸ ਦੀ ਲਾਸ਼ ਵੀ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਤਰਨਤਾਰਨ ਦੇ ਪੱਟੀ, ਮੁਹਾਲਾ ਭੁੱਲਾਰਾਵਾਲਾ ਦਾ ਜਰਨੈਲ ਸਿੰਘ 20 ਅਕਤੂਬਰ 2025 ਤੋਂ ਲਾਪਤਾ ਹੈ।