ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ, 20 ਨਵੰਬਰ ਨੂੰ PMO ਦਿੱਤੇ ਮੰਗ ਪੱਤਰ 'ਤੇ ਤੁਰੰਤ ਅਮਲ ਹੋਵੇ: ਗਿਆਨੀ ਹਰਪ੍ਰੀਤ ਸਿੰਘ
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਲਾਂਘਾ ਖੁਲਵਾਉਣ ਲਈ ਲਗਾਤਾਰ ਯਤਨਾਂ ਵਜੋਂ ਡੇਰਾ ਬਾਬਾ ਨਾਨਕ ਬਾਰਡਰ 'ਤੇ ਪਹੁੰਚ ਕੇ ਅਰਦਾਸ ਕਰਦੇ ਹਨ। ਕੇਂਦਰ ਨੂੰ ਪੂਰੀ ਕੌਮ ਦੀ ਵੇਦਨਾ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਆਪਣੇ ਬਾਨੀ ਗੁਰੂ ਦੀ ਕਰਮਭੂਮੀ 'ਤੇ ਸਜਦਾ ਕਰਨ ਲਈ ਕਿੰਨੇ ਤੜਪ ਰਹੇ ਹਨ।
Publish Date: Tue, 24 Nov 2026 08:22 AM (IST)
Updated Date: Tue, 24 Nov 2026 08:28 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ’ਚ ਮੰਗ ਕੀਤੀ ਕਿ ਸਾਡੀ ਪਾਰਟੀ ਵੱਲੋ 20 ਨਵੰਬਰ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੇ ਗਏ ਮੈਮੋਰੰਡਮ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਸੁਹਿਰਦਤਾ ਵਿਖਾਉਂਦਿਆਂ ਤੁਰੰਤ ਲਾਗੂ ਕਰੇ।
24 ਨਵੰਬਰ ਨੂੰ ਕੇਂਦਰ ਸਰਕਾਰ ਕੋਲ ਇਹ ਬਹੁਤ ਵਧੀਆ ਮੌਕਾ ਹੈ, ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖ ਕੌਮ ਨਾਲ ਵਧੀਆ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਮੰਗ ਪੱਤਰ ’ਚ ਸਾਡੀ ਪਾਰਟੀ ਨੇ ਪੰਦਰਾਂ ਸਾਲ ਤੋਂ ਲਟਕ ਰਹੀਆਂ ਐੱਸਜੀਪੀਸੀ ਚੋਣਾਂ ਕਰਵਾਉਣ, ਤੀਹ ਤੀਹ ਸਾਲ ਤੋਂ ਜੇਲ੍ਹਾਂ ’ਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਦੀ ਪੁਰਜ਼ੋਰ ਮੰਗ ਕੀਤੀ ਸੀ, ਜਿਸ ਲਈ ਸਾਨੂੰ ਸਾਰੀ ਲੀਡਰਸ਼ਿਪ ਨੂੰ ਗ੍ਰਿਫ਼ਤਾਰੀਆਂ ਵੀ ਦੇਣੀਆਂ ਪਈਆਂ ਸਨ। ਇਹ ਉਹ ਜ਼ਰੂਰੀ ਮੰਗਾਂ ਹਨ, ਜਿੰਨਾਂ 'ਤੇ ਗੌਰ ਕਰਕੇ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਦੇਸ਼ ਦੇ ਹਾਕਮਾਂ ਵੱਲੋਂ ਹੁਣ ਤੱਕ ਕਰਵਾਏ ਗਏ ਬੇਗਾਨਗੀ ਦੇ ਅਹਿਸਾਸ ਥੱਲੇ ਦੱਬੀ ਸਿੱਖ ਕੌਮ ਨੂੰ ਇੰਨਾ ਕੁ ਮਹਿਸੂਸ ਹੋਵੇ ਕਿ ਘੱਟੋ-ਘੱਟ ਉਨ੍ਹਾਂ ਦੀ ਗੱਲ ਸੁਣੀ ਗਈ ਹੈ, ਜਿਸ ਦੇ ਲਈ ਭਾਵੇਂ ਉਨ੍ਹਾਂ ਨੂੰ ਦਿੱਲੀ ਤੱਕ ਰੋਸ ਪ੍ਰਦਰਸ਼ਨ ਕਰਕੇ ਗ੍ਰਿਫ਼ਤਾਰੀਆਂ ਵੀ ਦੇਣੀਆਂ ਪਈਆਂ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਲਾਂਘਾ ਖੁਲਵਾਉਣ ਲਈ ਲਗਾਤਾਰ ਯਤਨਾਂ ਵਜੋਂ ਡੇਰਾ ਬਾਬਾ ਨਾਨਕ ਬਾਰਡਰ 'ਤੇ ਪਹੁੰਚ ਕੇ ਅਰਦਾਸ ਕਰਦੇ ਹਨ। ਕੇਂਦਰ ਨੂੰ ਪੂਰੀ ਕੌਮ ਦੀ ਵੇਦਨਾ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਆਪਣੇ ਬਾਨੀ ਗੁਰੂ ਦੀ ਕਰਮਭੂਮੀ 'ਤੇ ਸਜਦਾ ਕਰਨ ਲਈ ਕਿੰਨੇ ਤੜਪ ਰਹੇ ਹਨ।
ਉਨ੍ਹਾਂ ਕਿਹਾ ਜੇ ਪਾਕਿਸਤਾਨ ਦਾ ਵਿਦੇਸ਼ ਮੰਤਰੀ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਭਾਰਤ ਦਾ ਮਹਿਮਾਨ ਬਣ ਸਕਦਾ ਹੈ, ਤਾਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀ ਇਸ ਦੁਸ਼ਮਣੀ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਦਿਹਾੜੇ 'ਤੇ ਕੀਤਾ ਸੀ। ਹੁਣ ਵੀ ਪ੍ਰਧਾਨ ਮੰਤਰੀ ਲਾਂਘਾ ਖੋਲ੍ਹਣ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਬੇਸ਼ ਕੀਮਤੀ ਤੋਹਫ਼ਾ ਦੇ ਸਕਦੇ ਹਨ।