ਚੰਡੀਗੜ੍ਹ ਨਗਰ ਨਿਗਮ ’ਚ CBI ਦੀ ਵੱਡੀ ਕਾਰਵਾਈ, 5 ਲੱਖ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਰੰਗੇ ਹੱਥੀਂ ਗ੍ਰਿਫ਼ਤਾਰ ਚੰਡੀਗੜ੍ਹ ਨਗਰ ਨਿਗਮ ’ਚ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਡੰਪਿੰਗ ਗਰਾਊਂਡ ਦੀ ਸਫਾਈ ਦੇ ਠੇਕੇ ਨਾਲ ਸਬੰਧਤ ਹੈ। ਸੀਬੀਆਈ ਨੂੰ ਇਸ ਮਾਮਲੇ ’ਚ ਹੋਰ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਸ਼ੱਕ ਹੈ।
Publish Date: Thu, 08 Oct 2026 10:45 AM (IST)
Updated Date: Thu, 08 Oct 2026 10:47 AM (IST)
ਬਰਿੰਦਰ ਸਿੰਘ ਰਾਵਤ, ਚੰਡੀਗੜ੍ਹ। ਚੰਡੀਗੜ੍ਹ ਨਗਰ ਨਿਗਮ ’ਚ ਡੰਪਿੰਗ ਗਰਾਊਂਡ ਦੀ ਸਫਾਈ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਖੇਡ ਚੱਲਣ ਦੇ ਦੋਸ਼ਾਂ ਦਰਮਿਆਨ ਬੁੱਧਵਾਰ ਨੂੰ ਸੀਬੀਆਈ ਨੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
ਸ਼ਕਤੀ ਸ਼ਰਮਾ ਨੂੰ ਸੈਕਟਰ-11 ਦੀ ਮਾਰਕੀਟ ’ਚ ਇੱਕ ਕਾਰ ਅੰਦਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਕਤੀ ਸ਼ਰਮਾ ਨੇ ਡੰਪਿੰਗ ਗਰਾਊਂਡ ’ਚ ਜੇਸੀਬੀ ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਸ਼ਾਂਤ ਤੋਂ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਠੇਕੇਦਾਰ ਨੇ ਇਸ ਸਬੰਧੀ ਸੀਬੀਆਈ ਕੋਲ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸੀਬੀਆਈ ਨੇ ਬੁੱਧਵਾਰ ਨੂੰ ਟਰੈਪ ਲਗਾ ਕੇ ਸ਼ਕਤੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਡੰਪਿੰਗ ਗਰਾਊਂਡ ’ਚ ਜੇਸੀਬੀ ਮਸ਼ੀਨਾਂ ਰਾਹੀਂ ਕੂੜੇ ਦੀ ਖੁਦਾਈ ਕਰਕੇ ਉਸ ਨੂੰ ਚੁੱਕਿਆ ਜਾ ਰਿਹਾ ਹੈ। ਠੇਕੇਦਾਰ ਤੋਂ ਉਸ ਦੀ ਬਕਾਇਆ ਪੇਮੈਂਟ ਜਾਰੀ ਕਰਨ ਦੇ ਬਦਲੇ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ।
ਠੇਕੇਦਾਰ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ। ਠੇਕੇਦਾਰ ਦਾ ਹਰ ਮਹੀਨੇ ਕਰੀਬ 10 ਲੱਖ ਰੁਪਏ ਦਾ ਬਿੱਲ ਬਣਦਾ ਹੈ ਤੇ ਇਸ ਬਿੱਲ ਵਿੱਚੋਂ ਹਰ ਮਹੀਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਨਗਰ ਨਿਗਮ ਨੇ ਇੱਥੇ ਇੱਕ ਦਰਜਨ ਤੋਂ ਵੱਧ ਜੇਸੀਬੀ ਮਸ਼ੀਨਾਂ ਕੰਮ 'ਤੇ ਲਗਾਈਆਂ ਹੋਈਆਂ ਹਨ।
ਨਿਗਮ ਦੇ ਕਈ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ
ਸੀਬੀਆਈ ਨੂੰ ਰਿਸ਼ਵਤ ਦੇ ਇਸ ਕਥਿਤ ਖੇਡ ’ਚ ਨਿਗਮ ਦੇ ਕਈ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਸੀਬੀਆਈ ਸੂਤਰਾਂ ਮੁਤਾਬਕ ਇਸ ਮਾਮਲੇ ’ਚ ਸੈਨੇਟਰੀ ਵਿੰਗ ਦੇ ਨਾਲ-ਨਾਲ ਐਮਓਐਚ ਤੇ ਇੰਜੀਨੀਅਰਿੰਗ ਵਿਭਾਗ ਦੇ ਕਈ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।
ਸੀਬੀਆਈ ਇੱਕ ਅਧਿਕਾਰੀ 'ਤੇ ਵੀ ਟਰੈਪ ਲਗਾਉਣ ਦੀ ਤਿਆਰੀ ਕਰ ਰਹੀ ਸੀ, ਪਰ ਕਿਸੇ ਕਾਰਨ ਇਹ ਕਾਰਵਾਈ ਸਿਰੇ ਨਹੀਂ ਚੜ੍ਹ ਸਕੀ। ਇਸ ਮਾਮਲੇ ’ਚ ਚੀਫ਼ ਸੈਨੇਟਰੀ ਇੰਸਪੈਕਟਰ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ’ਚ ਦੱਸੀ ਜਾ ਰਹੀ ਹੈ।
ਕੂੜੇ ਦੇ ਨਿਪਟਾਰੇ ’ਚ ਕਰੋੜਾਂ ਰੁਪਏ ਦੇ ਖਰਚ 'ਤੇ ਸਵਾਲ ਨਗਰ ਨਿਗਮ ਹੁਣ ਤੱਕ ਡੰਪਿੰਗ ਗਰਾਊਂਡ ਤੋਂ ਕੂੜਾ ਚੁੱਕਣ 'ਤੇ ਕਰੀਬ 150 ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਲਗਭਗ ਇੱਕ ਦਰਜਨ ਕੰਪਨੀਆਂ ਨੂੰ ਡੰਪਿੰਗ ਗਰਾਊਂਡ ਤੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਕੰਮ ਲਈ ਕਰੋੜਾਂ ਰੁਪਏ ਦੀਆਂ ਪੇਮੈਂਟਾਂ ਕੀਤੀਆਂ ਜਾ ਚੁੱਕੀਆਂ ਹਨ।
ਦੋਸ਼ ਹੈ ਕਿ ਕਈ ਅਜਿਹੀਆਂ ਕੰਪਨੀਆਂ ਨੂੰ ਵੀ ਬਿਨਾਂ ਕਿਸੇ ਟੈਂਡਰ ਦੇ ਕੰਮ ਅਲਾਟ ਕੀਤੇ ਗਏ, ਜਿਨ੍ਹਾਂ ਕੋਲ ਇਸ ਕੰਮ ਦਾ ਕੋਈ ਤਜਰਬਾ ਨਹੀਂ ਸੀ।
ਜਾਗਰਣ ਸਮੂਹ ਨੇ ਵੀ ਮਾਮਲਾ ਚੁੱਕਿਆ ਸੀ
ਜਾਗਰਣ ਸਮੂਹ ਨੇ ਡੰਪਿੰਗ ਗਰਾਊਂਡ ’ਚ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਚੱਲ ਰਹੇ ਕਥਿਤ ਗੜਬੜੀ ਦੇ ਮਾਮਲੇ ਨੂੰ ਪਹਿਲਾਂ ਵੀ ਉਜਾਗਰ ਕੀਤਾ ਸੀ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਕਿਵੇਂ ਅਧਿਕਾਰੀਆਂ ਵੱਲੋਂ ਪਸੰਦੀਦਾ ਕੰਪਨੀਆਂ 'ਤੇ ਮਿਹਰਬਾਨੀ ਕਰਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
ਫਿਲਹਾਲ ਵੀ ਡੰਪਿੰਗ ਗਰਾਊਂਡ ’ਚ ਗਿੱਲੇ ਤੇ ਸੁੱਕੇ ਕੂੜੇ ਨੂੰ ਚੁੱਕਣ ਲਈ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਕੰਮ ਵੀ ਸਵਾਲਾਂ ਦੇ ਘੇਰੇ ’ਚ ਹੈ।
ਅਧਿਕਾਰੀਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ ਸੀਬੀਆਈ ਹੁਣ ਇਸ ਕਥਿਤ ਰਿਸ਼ਵਤ ਦੇ ਮਾਮਲੇ ’ਚ ਸ਼ਾਮਲ ਹੋਰ ਅਧਿਕਾਰੀਆਂ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਕਾਲ ਡਿਟੇਲ ਤੋਂ ਲੈ ਕੇ ਟੈਂਡਰ ਪ੍ਰਕਿਰਿਆ ਤੱਕ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ।
ਨਗਰ ਨਿਗਮ ’ਚ ਡੰਪਿੰਗ ਗਰਾਊਂਡ ਦੇ ਕੂੜੇ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਵਿੰਗ ਵੀ ਬਣਾਇਆ ਗਿਆ ਹੈ। ਇਸ ਵਿੰਗ ’ਚ ਵੀ ਕਈ ਅਧਿਕਾਰੀ ਲੰਬੇ ਸਮੇਂ ਤੋਂ ਤਾਇਨਾਤ ਹਨ।