ਉੱਤਰਾਖੰਡ ਵਿਚ ਨਿਹੰਗ ਸਿੰਘਾਂ ’ਤੇ ਹਮਲੇ ਦੇ ਮਾਮਲੇ ਵਿਚ ਦੂਜੀ ਧਿਰ ਖ਼ਿਲਾਫ਼ ਵੀ ਕੇਸ ਦਰਜ
ਉੱਤਰਾਖੰਡ ਵਿਚ ਨਿਹੰਗ ਸਿੰਘਾਂ ’ਤੇ ਹਮਲੇ ਦੇ ਮਾਮਲੇ ਵਿਚ ਦੂਜੀ ਧਿਰ ਖ਼ਿਲਾਫ਼ ਵੀ ਕੇਸ ਦਰਜ
Publish Date: Mon, 22 Jun 2026 07:45 PM (IST)
Updated Date: Tue, 23 Jun 2026 04:07 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਨਿਹੰਗ ਸਿੰਘਾਂ ਅਤੇ ਲੋਕਾਂ ਵਿਚਾਲੇ ਉੱਤਰਾਖੰਡ ਵਿਖੇ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਸਿੱਖਾਂ ਦਾ ਦਬਾਅ ਵੱਧਣ ਕਾਰਨ ਹੁਣ ਦੂਜੀ ਧਿਰ ਦੇ ਹਮਲਾਵਰਾਂ ਖ਼ਿਲਾਫ਼ ਵੀ ਕੇਸ ਦਰਜ ਕਰ ਕੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਐੱਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਦਿੱਤੀ। ਇਸ ਤੋਂ ਪਹਿਲਾਂ ਸਿੱਖ ਆਗੂਆਂ ਦੀ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਗੈਸਟ ਹਾਊਸ ਵਿਖੇ ਓਐੱਸਡੀ ਜੈ ਦੀਪ ਸਿੰਘ ਨਾਲ ਅਹਿਮ ਬੈਠਕ ਹੋਈ। ਜਿਸ ਵਿਚ ਨਾਮਧਾਰੀ ਸੰਪਰਦਾਇ ਦੇ ਆਗੂ ਸੁਖਦੇਵ ਸਿੰਘ ਨਾਮਧਾਰੀ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਸਿਕੰਦਰ ਸਿੰਘ ਚੋਟੀ ਖੇੜੀ ਪ੍ਰਧਾਨ ਗਊ ਰਕਸਾ ਸੰਘ ਪੰਜਾਬ, ਸਤਨਾਮ ਸਿੰਘ ਨਿਆਮੂਮਾਜਰਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਅਤੇ ਮਨਮੋਹਨ ਸਿੰਘ ਨੰਨੂ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਬੀਤੀ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਬਾਜ਼ਾਰ ਵਿਚ ਇਕ ਹੋਟਲ ਦੇ ਬਾਹਰ ਇਹ ਘਟਨਾ ਵਾਪਰੀ ਸੀ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਆ ਰਹੇ ਮੁਹਾਲੀ ਦੇ ਨਿਹੰਗ ਸਿੰਘਾਂ ਦਾ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਕੁੱਝ ਵਪਾਰੀਆਂ ਅਤੇ ਲੋਕਾਂ ਨਾਲ ਝਗੜਾ ਹੋ ਗਿਆ ਸੀ। ਇਹ ਮਾਮੂਲੀ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਅਤੇ ਤਲਵਾਰਾਂ ਚੱਲਣ ਤੱਕ ਪਹੁੰਚ ਗਈ। ਇਸ ਝਗੜੇ ਵਿਚ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਕ ਗੰਭੀਰ ਜ਼ਖ਼ਮੀ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਹਸਪਤਾਲ ਭੇਜਿਆ ਗਿਆ ਸੀ। ਉੱਤਰਾਖੰਡ ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ’ਤੇ ਮੁਹਾਲੀ ਦੇ ਚਾਰ ਨਿਹੰਗ ਸਿੰਘਾਂ ਮੰਤਰੀ ਸਿੰਘ, ਜਸਨਪ੍ਰੀਤ ਸਿੰਘ, ਅਜੈ ਸਿੰਘ ਅਤੇ ਸਤਵਿੰਦਰ ਸਿੰਘ ਖ਼ਿਲਾਫ਼ ਖ਼ਿਲਾਫ਼ ਧਾਰਾ 307 (ਇਰਾਦਾ-ਏ-ਕਤਲ) ਵਰਗੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਉੱਤਰਾਖੰਡ ਪੁਲਿਸ ਦੀ ਇਸ ਇਕਪਾਸੜ ਕਾਰਵਾਈ ਦਾ ਪੰਜਾਬ ਦੇ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਵੱਲੋਂ ਸਖ਼ਤ ਵਿਰੋਧ ਕਾਰਨ ਇਹ ਮਾਮਲਾ ਕਾਫ਼ੀ ਭਖ ਗਿਆ ਸੀ। ਸਿੱਖ ਜਥੇਬੰਦੀਆਂ, ਐੱਸਜੀਪੀਸੀ ਅਤੇ ਪੰਜਾਬ ਦੇ ਹੋਰ ਆਗੂਆਂ ਨੇ ਦੋਸ਼ ਲਗਾਇਆ ਕਿ ਉੱਤਰਾਖੰਡ ਪੁਲਿਸ ਵੱਲੋਂ ਇਕਪਾਸੜ ਕਾਰਵਾਈ ਕੀਤੀ ਗਈ ਹੈ, ਕਿਉਂਕਿ ਦੂਜੀ ਧਿਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਹੋਈ। ਇਸ ਦੇ ਵਿਰੋਧ ਵਿਚ ਕੁਝ ਨਿਹੰਗ ਸਿੰਘਾਂ ਨੇ ਰੁਦਰਪ੍ਰਯਾਗ ਦੇ ਨਗਰਾਸੂ ਗੁਰਦੁਆਰਾ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਾਂ ਅਤੇ ਅਕਾਲੀ ਦਲ ਦੇ ਆਗੂਆਂ ਨੇ ਉੱਤਰਾਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ ਤੇ ਗੱਲਬਾਤ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉੱਤਰਾਖੰਡ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਸੀ। ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉੱਤਰਾਖੰਡ ਸਰਕਾਰ ਤੱਕ ਪਹੁੰਚ ਕਰਨ ਤੋਂ ਬਾਅਦ ਹੁਣ ਪੁਲਿਸ ਵੱਲੋਂ ਹੁਣ ਦੂਜੀ ਧਿਰ ਖ਼ਿਲਾਫ਼ ਵੀ ਕਰਾਸ ਕੇਸ ਦਰਜ ਕੀਤਾ ਗਿਆ ਹੈ। ਸੀਐੱਮ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਐੱਸਪੀ ਚਮੋਲੀ ਤੋਂ ਵਾਪਸ ਲੈ ਕੇ ਹਰਿਦੁਆਰ ਦੇ ਐੱਸਪੀ (ਐੱਚ) ਨੂੰ ਸੌਂਪੀ ਗਈ ਹੈ। ਉਧਰ, ਜੇਲ੍ਹ ਵਿਚ ਨਜ਼ਰਬੰਦ ਨਿਹੰਗ ਸਿੰਘਾਂ ਵਿਰੁੱਧ ਕਥਿਤ ਬੇਬੁਨਿਆਦ ਧਾਰਾਵਾਂ ਦੀ ਕਾਨੂੰਨੀ ਸਮੀਖਿਆ ਕਰਨ ਉਪਰੰਤ ਉਨ੍ਹਾਂ ਨੂੰ ਜਲਦੀ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਦੇ ਓਐੱਸਡੀ ਵਿਨੋਦ ਜਿਆਣੀ ਨੇ ਭਰੋਸਾ ਦਿੱਤਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਜਾਂ ਬਦਰੀਨਾਥ ਜਾਣ ਵਾਲੇ ਕਿਸੇ ਵੀ ਸਿੱਖ ਸ਼ਰਧਾਲੂ ਜਾਂ ਯਾਤਰੀ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।