'ਵਾਰਿਸ ਪੰਜਾਬ ਦੇ' ਦੇ 15 ਆਗੂਆਂ ਤੇ 3 ਹਜ਼ਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ, ਪੁਲਿਸ ਦਾ ਦੋਸ਼- ਆਗੂ ਕਹਿ ਰਹੇ ਸਨ 'ਹਮਲਾ ਕਰੋ, ਬੈਰੀਕੇਡ ਤੋੜੋ ਅਤੇ ਅੱਗੇ ਵਧੋ' ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵੱਲ ਕੂਚ ਕਰਨ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਅਤੇ ਸਮਰਥਕਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਸੈਕਟਰ-49 ਥਾਣਾ ਪੁਲਿਸ ਨੇ 15 ਨਾਮਜ਼ਦ ਆਗੂਆਂ ਸਮੇਤ ਕਰੀਬ 2,500 ਤੋਂ 3,000 ਅਣਪਛਾਤੇ ਸਮਰਥਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਐਫਆਈਆਰ ਵਿੱਚ ਮਰਹੂਮ ਸਾਬਕਾ ਵਿਧਾਇਕ ਅਜਾਇਬ ਸਿੰਘ ਮਖਮੈਲਪੁਰ ਦਾ ਨਾਂ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਦਾ ਸਾਲ 2025 ਵਿੱਚ ਦਿਹਾਂਤ ਹੋ ਚੁੱਕਾ ਹੈ।
Publish Date: Fri, 31 Jul 2026 09:53 AM (IST)
Updated Date: Fri, 31 Jul 2026 09:55 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵੱਲ ਕੂਚ ਕਰਨ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਅਤੇ ਸਮਰਥਕਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਸੈਕਟਰ-49 ਥਾਣਾ ਪੁਲਿਸ ਨੇ 15 ਨਾਮਜ਼ਦ ਆਗੂਆਂ ਸਮੇਤ ਕਰੀਬ 2,500 ਤੋਂ 3,000 ਅਣਪਛਾਤੇ ਸਮਰਥਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਐਫਆਈਆਰ ਵਿੱਚ ਮਰਹੂਮ ਸਾਬਕਾ ਵਿਧਾਇਕ ਅਜਾਇਬ ਸਿੰਘ ਮਖਮੈਲਪੁਰ ਦਾ ਨਾਂ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਦਾ ਸਾਲ 2025 ਵਿੱਚ ਦਿਹਾਂਤ ਹੋ ਚੁੱਕਾ ਹੈ।
ਐਫਆਈਆਰ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ ਇੱਕ ਵਜੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਗੌਸ਼ਾਲਾ ਚੌਕ ਵਿੱਚ ਇਕੱਠੇ ਹੋਏ ਅਤੇ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਤਲਵਾਰਾਂ, ਬਰਛੇ, ਭਾਲੇ ਅਤੇ ਡੰਡੇ ਸਨ ਅਤੇ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਲੋਕਾਂ ਨੂੰ ਉਕਸਾ ਰਹੇ ਸਨ। ਪੁਲਿਸ ਮੁਤਾਬਕ ਮੌਕੇ ’ਤੇ ਮੌਜੂਦ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਈ ਵਾਰ ਸਮਝਾਇਆ ਪਰ ਪ੍ਰਦਰਸ਼ਨਕਾਰੀ ਨਹੀਂ ਮੰਨੇ। ਕੁਝ ਆਗੂਆਂ ਨੇ ਸਮਰਥਕਾਂ ਨੂੰ ‘ਹਮਲਾ ਕਰੋ, ਬੈਰੀਕੇਡ ਤੋੜੋ ਅਤੇ ਅੱਗੇ ਵਧੋ’ ਵਰਗੇ ਨਾਅਰੇ ਲਗਾ ਕੇ ਉਕਸਾਇਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਦਿੱਤੇ ਅਤੇ ਪੁਲਿਸ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਕਰਨ ਲਈ ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਨਾਲ ਹਲਕਾ ਬਲ ਵਰਤਿਆ ਗਿਆ ਅਤੇ ਵਾਟਰ ਕੈਨਨ ਦੀ ਵੀ ਵਰਤੋਂ ਕੀਤੀ ਗਈ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਅੱਗੇ ਵਧਦੇ ਰਹੇ। ਪੁਲਿਸ ਨੇ ਦੱਸਿਆ ਕਿ ਪੂਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਵਾਈ ਗਈ ਹੈ। ਵੀਡੀਓ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਹੋਰ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਾਟਰ ਕੈਨਨ ਨੂੰ ਵੀ ਪੁੱਜਾ ਨੁਕਸਾਨ ਐਫਆਈਆਰ ਅਨੁਸਾਰ ਕੁਝ ਪ੍ਰਦਰਸ਼ਨਕਾਰੀ ਪੁਲਿਸ ਦੇ ਵਾਟਰ ਕੈਨਨ ਵਾਹਨ ’ਤੇ ਚੜ੍ਹ ਗਏ ਅਤੇ ਉਸ ਦਾ ਨੋਜ਼ਲ ਤੋੜ ਦਿੱਤਾ। ਇਸ ਦੌਰਾਨ ਵਾਹਨ ਚਾਲਕ ਨਾਲ ਵੀ ਕੁੱਟਮਾਰ ਕੀਤੀ ਗਈ। ਘਟਨਾ ਵਿੱਚ ਏਐਸਆਈ ਗੁਰਜੀਤ ਸਿੰਘ ਦੇ ਹੱਥ ਵਿੱਚ ਗੰਭੀਰ ਸੱਟ ਲੱਗੀ, ਜਦਕਿ ਹੋਰ ਕਈ ਪੁਲਿਸ ਕਰਮਚਾਰੀਆਂ ਨੂੰ ਵੀ ਮਾਮੂਲੀ ਸੱਟਾਂ ਆਈਆਂ।
ਇਨ੍ਹਾਂ ਆਗੂਆਂ ਨੂੰ ਕੀਤਾ ਗਿਆ ਨਾਮਜ਼ਦ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਆਗੂਆਂ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ, ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ ਕੰਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਸਾਬਕਾ ਵਿਧਾਇਕ ਅਜੀਬ ਸਿੰਘ ਮਖਮੈਲਪੁਰ, ਚਮਕੌਰ ਸਿੰਘ ਧੁੰਨ, ਐਡਵੋਕੇਟ ਇਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਦ੍ਰੋਲੀ, ਇਕਬਾਲ ਸਿੰਘ ਚੁੰਡਾ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖਾ ਸ਼ਾਮਲ ਹਨ।