ਬਿਲਡਰ ਦੇ ਘਰ ’ਤੇ ਗੋਲ਼ੀਬਾਰੀ ਮਾਮਲਾ ; ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ, 9 ਐੱਮਐੱਮ ਬੇਰੇਟਾ ਪਿਸਤੌਲ, ਸਵਿਫ਼ਟ ਕਾਰ ਤੇ ਮੋਬਾਈਲ ਫ਼ੋਨ ਬਰਾਮਦ ਬਿਲਡਰ ਦੇ ਘਰ ’ਤੇ ਗੋਲ਼ੀਬਾਰੀ ਮਾਮਲਾ ; ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ,
Publish Date: Mon, 19 Oct 2026 07:19 PM (IST)
Updated Date: Mon, 19 Oct 2026 07:21 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਜ਼ੀਰਕਪੁਰ ਦੇ ਬਲਟਾਣਾ ਇਲਾਕੇ ’ਚ ਪ੍ਰਾਪਰਟੀ ਕਾਰੋਬਾਰੀ ਦੇ ਘਰ ਦੇ ਬਾਹਰ ਗੋਲ਼ੀਬਾਰੀ ਕਰਨ ਦੇ ਮਾਮਲੇ ’ਚ ਮੁਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਅਰਸ਼ ਪੰਡਿਤ ਦੇ ਸੰਪਰਕ ’ਚ ਸਨ। ਪੁਲਿਸ ਨੇ ਵਾਰਦਾਤ ’ਚ ਵਰਤੀ ਸਵਿਫ਼ਟ ਕਾਰ, ਇਕ 9 ਐੱਮਐੱਮ ਬੇਰੇਟਾ ਪਿਸਤੌਲ ਤੇ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਚਾਰ ਦਿਨਾਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ ਨੇ ਦੱਸਿਆ ਕਿ 14 ਅਕਤੂਬਰ 2026 ਨੂੰ ਤੜਕੇ ਕਰੀਬ ਢਾਈ ਵਜੇ ਬਲਟਾਣਾ ਦੇ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਰਾਮ ਕੁਮਾਰ ਦੇ ਘਰ ਦੇ ਬਾਹਰ ਸਵਿਫ਼ਟ ਕਾਰ ’ਚ ਆਏ ਹਮਲਾਵਰਾਂ ਨੇ ਕਰੀਬ ਅੱਠ ਰਾਊਂਡ ਫਾਇਰ ਕੀਤੇ ਸਨ। ਘਟਨਾ ਤੋਂ ਬਾਅਦ ਪੀੜਤ ਨੂੰ ਕਥਿਤ ਤੌਰ ’ਤੇ ਫਿਰੌਤੀ ਲਈ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਲਿਆ ਸੀ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਚ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐੱਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। - ਵਿਸ਼ੇਸ਼ ਟੀਮਾਂ ਨੇ ਕੀਤੀ ਕਾਰਵਾਈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਐੱਸਪੀ (ਜਾਂਚ) ਸੌਰਵ ਜਿੰਦਲ, ਐੱਸਪੀ (ਆਪਰੇਸ਼ਨ) ਆਕਾਸ਼ਦੀਪ ਸਿੰਘ ਅਤੇ ਡੀਐੱਸਪੀ (ਜਾਂਚ) ਰਾਜਨਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਖਰੜ ਤੇ ਆਪਰੇਸ਼ਨਜ਼ ਸੈੱਲ ਮੁਹਾਲੀ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਔਜਲਾ ਚੱਕ, ਗੁਰਾਇਆ, ਮਨਰਾਜ ਸਿੰਘ ਉਰਫ਼ ਮੰਨਾ ਵਾਸੀ ਪਿੰਡ ਗੂੜੇ, ਗੁਰਾਇਆ ਅਤੇ ਰਾਜਵੀਰ ਸਿੰਘ ਵਾਸੀ ਚੱਕ ਦੇਸਰਾਜ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤਿੰਨਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਮੁਲਜ਼ਮਾਂ ’ਚੋਂ ਇਕ ਡਰਾਈਵਰੀ ਕਰਦਾ ਹੈ, ਜਦਕਿ ਦੂਜਾ ਹਾਲ ਹੀ ’ਚ ਕੈਨੇਡਾ ਤੋਂ ਵਾਪਸ ਆਇਆ ਸੀ। ਤੀਜਾ ਮੁਲਜ਼ਮ ਫਿਲਹਾਲ ਬੇਰੁਜ਼ਗਾਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ 9 ਐੱਮਐੱਮ ਬੇਰੇਟਾ ਪਿਸਤੌਲ, ਸਵਿਫ਼ਟ ਕਾਰ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ, ਮੋਬਾਈਲ ਫ਼ੋਨ ਦੀ ਵਰਤੋਂ ਗੋਲ਼ੀਬਾਰੀ ਦੀ ਵੀਡੀਓ ਬਣਾਉਣ ਲਈ ਕੀਤੀ ਗਈ ਸੀ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।