ਘੱਗਰ ਦਰਿਆ 'ਚੋਂ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ’ਤੇ 7 ਖ਼ਿਲਾਫ਼ ਪਰਚਾ ਘੱਗਰ ਦਰਿਆ 'ਚੋਂ ਗ਼ੈਰ-ਕਾਨੂੰਨੀ ਮਾਈਨਿੰਗ ਕਰਨ 'ਤੇ 7 ਖ਼ਿਲਾਫ਼ ਕੇਸ,
Publish Date: Sat, 03 Oct 2026 08:46 PM (IST)
Updated Date: Sat, 03 Oct 2026 08:46 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਗ਼ੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਢਕੌਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਘੱਗਰ ਦਰਿਆ ਚੋਂ ਰੇਤ-ਬਜਰੀ ਦੀ ਗ਼ੈਰ-ਕਾਨੂੰਨੀ ਖ਼ੁਦਾਈ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਚ ਪੁਲਿਸ ਨੇ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਦਕਿ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਪਛਾਣ ਯਾਸੋਨ ਨਿਵਾਸੀ ਪਿੰਜੌਰ (ਪੰਚਕੂਲਾ) ਅਤੇ ਵਿਕਾਸ ਸਿੰਗਲਾ ਨਿਵਾਸੀ ਫਾਲਕਨ ਵਿਊ, ਫੇਜ਼ 11 (ਮੁਹਾਲੀ) ਵਜੋਂ ਹੋਈ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆਂ ਅਫ਼ਸਰ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਪੀਰਮੁਛੱਲਾ ਖੇਤਰ ਵਿਚ ਸਥਿਤ ਘੱਗਰ ਦਰਿਆ ਚੋਂ ਕੁਝ ਵਿਅਕਤੀ ਰਾਤ ਦੇ ਸਮੇਂ ਟਿੱਪਰਾਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੇ ਹਨ। ਇਨ੍ਹਾਂ ਕੋਲ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਮਾਈਨਿੰਗ ਕਰਨ ਦੀ ਕੋਈ ਵੀ ਮਨਜ਼ੂਰੀ ਜਾਂ ਪਰਮਿਟ ਨਹੀਂ ਹੈ। ਸੂਚਨਾ ਦੇ ਆਧਾਰ ਤੇ ਜਦੋਂ ਪੁਲਿਸ ਟੀਮ ਨੇ ਤੁਰੰਤ ਮੌਕੇ ਦਾ ਜਾਇਜ਼ਾ ਲਿਆ ਤਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਮੁਲਜ਼ਮ ਭਿਣਕ ਲੱਗਣ ਕਾਰਨ ਆਪਣੇ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋਣ ਚ ਸਫਲ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਫ਼ਰਾਰ ਹੋਏ ਨਾਮਜ਼ਦ ਅਤੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।