ਘੱਗਰ ਕਾਜਵੇਅ ’ਤੇ ਲੱਗੇ ਓਵਰਹੈੱਡ ਬੈਰੀਕੇਟ ’ਚ ਫਸਿਆ ਕੈਂਟਰ ਘੱਗਰ ਕਾਜਵੇਅ ’ਤੇ ਲੱਗੇ ਓਵਰਹੈਡ ਬੈਰੀਕੇਟ ’ਚ ਫਸਿਆ ਕੈਂਟਰ,
Publish Date: Wed, 11 Nov 2026 06:56 PM (IST)
Updated Date: Wed, 11 Nov 2026 07:00 PM (IST)
ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ, ਪ੍ਰਸ਼ਾਸਨ ਬੇਖ਼ਬਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਵਿਖੇ ਘੱਗਰ ਦਰਿਆ ’ਤੇ ਬਣੇ ਕਾਜਵੇਅ ਉੱਪਰ ਉਸ ਵੇਲੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਦੋਂ ਇਕ ਕੈਂਟਰ ਭਾਰੀ ਵਾਹਨਾਂ ਦੀ ਲੰਘਣ-ਮਨਾਹੀ ਲਈ ਲਗਾਏ ਗਏ ਓਵਰਹੈੱਡ ਬੈਰੀਕੇਟ ਨਾਲ ਟਕਰਾ ਕੇ ਵਿਚਾਲੇ ਹੀ ਫਸ ਗਿਆ। ਹਾਦਸੇ ਤੋਂ ਬਾਅਦ ਕਾਜਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਦਫ਼ਤਰਾਂ, ਸਕੂਲਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਜਾ ਰਹੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਘੱਗਰ ਦਰਿਆ ’ਤੇ ਬਣੇ ਇਸ ਕਾਜਵੇਅ ਦੀ ਖ਼ਸਤਾ ਹਾਲਤ ਅਤੇ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਇੱਥੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਲੋਹੇ ਦੀ ਓਵਰਹੈਡ ਗਾਰਡਰ (ਬੈਰੀਕੇਡਿੰਗ) ਲਗਾਈ ਗਈ ਸੀ। ਇਸ ਦੇ ਬਾਵਜੂਦ ਕਈ ਭਾਰੀ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਕੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਵੀ ਇਕ ਹਰਿਆਣਾ ਨੰਬਰ ਦਾ ਕੈਂਟਰ ਚਾਲਕ ਬੈਰੀਕੇਟ ਦੀ ਉਚਾਈ ਦਾ ਅੰਦਾਜ਼ਾ ਲਗਾਏ ਬਿਨਾਂ ਵਾਹਨ ਨੂੰ ਹੇਠਾਂ ਤੋਂ ਲੰਘਾਉਣ ਲੱਗਾ, ਜਿਸ ਕਾਰਨ ਕੈਂਟਰ ਦਾ ਉਪਰਲਾ ਹਿੱਸਾ ਲੋਹੇ ਦੇ ਗਾਰਡਰ ’ਚ ਬੁਰੇ ਤਰੀਕੇ ਨਾਲ ਫਸ ਗਿਆ। ਘਟਨਾ ਤੋਂ ਤੁਰੰਤ ਬਾਅਦ ਦਰਿਆ ਦੇ ਦੋਵੇਂ ਪਾਸੇ ਜਾਮ ਵਰਗੀ ਸਥਿਤੀ ਬਣ ਗਈ। ਰਾਮਗੜ੍ਹ ਰੋਡ ਅਤੇ ਮੁਬਾਰਕਪੁਰ ਚੌਕ ਵੱਲ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਜਾਮ ਇੰਨਾ ਭਿਆਨਕ ਸੀ ਕਿ ਦੁਪਹੀਆ ਵਾਹਨ ਚਾਲਕਾਂ ਲਈ ਵੀ ਲੰਘਣਾ ਮੁਸ਼ਕਲ ਹੋ ਗਿਆ। ਇਸ ਦੌਰਾਨ ਕੁੱਝ ਐਂਬੂਲੈਂਸਾਂ ਅਤੇ ਸਕੂਲੀ ਬੱਸਾਂ ਵੀ ਜਾਮ ’ਚ ਫਸੀਆਂ ਦੇਖੀਆਂ ਗਈਆਂ, ਜਿਸ ਕਾਰਨ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਬੇਹੱਦ ਖੱਜਲ-ਖੁਆਰੀ ਹੰਢਾਉਣੀ ਪਈ। ਸਥਾਨਕ ਨਿਵਾਸੀਆਂ ਅਤੇ ਵਾਹਨ ਚਾਲਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ’ਤੇ ਗੰਭੀਰ ਸਵਾਲ ਚੁੱਕੇ ਹਨ। ਰਾਹਗੀਰਾਂ ਨੇ ਦੋਸ਼ ਲਾਇਆ ਕਿ ਹਾਦਸੇ ਦੇ ਘੰਟਿਆਂ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਟ੍ਰੈਫਿਕ ਪੁਲਿਸ ਕਰਮਚਾਰੀ ਮੌਕੇ ’ਤੇ ਜਾਮ ਖੁਲ੍ਹਵਾਉਣ ਨਹੀਂ ਪਹੁੰਚਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੈਰੀਕੇਡਿੰਗ ਦੇ ਕੋਲ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ, ਜਿਸ ਕਾਰਨ ਰੋਜ਼ਾਨਾ ਵੱਡੇ ਵਾਹਨ ਇੱਥੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਸ਼ਾਸਨ ਨੂੰ ਕਾਜਵੇਅ ਦੇ ਦੋਵੇਂ ਪਾਸੇ ਸਥਾਈ ਚੈੱਕ ਪੋਸਟ ਬਣਾਉਣੀ ਚਾਹੀਦੀ ਹੈ ਤਾਂ ਜੋ ਭਾਰੀ ਵਾਹਨਾਂ ਨੂੰ ਸ਼ੁਰੂ ’ਚ ਹੀ ਰੋਕਿਆ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਫਸੇ ਹੋਏ ਕੈਂਟਰ ਨੂੰ ਬਾਹਰ ਕੱਢਣ ਲਈ ਸਥਾਨਕ ਲੋਕ ਆਪਣੇ ਪੱਧਰ ਤੇ ਹੀ ਜੱਦੋ-ਜਹਿਦ ਕਰ ਰਹੇ ਸਨ, ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਫਸੇ ਵਾਹਨ ਨੂੰ ਤੁਰੰਤ ਹਟਾ ਕੇ ਟ੍ਰੈਫਿਕ ਚਾਲੂ ਕੀਤਾ ਜਾਵੇ ਅਤੇ ਨਿਯਮ ਤੋੜਨ ਵਾਲੇ ਕੈਂਟਰ ਚਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।