ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਕਾਂਗਰਸ ਦਾ ਵਿਜੈ ਤਿਰੰਗਾ ਮਾਰਚ, ‘ਆਪ’ ਦਾ ਕੈਂਡਲ ਮਾਰਚ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਚੰਡੀਗੜ੍ਹ ’ਚ ਕਾਂਗਰਸ ਦਾ ਵਿਜੈ ਤਿਰੰਗਾ ਮਾਰਚ, ‘ਆਪ’ ਦਾ ਕੈਂਡਲ ਮਾਰਚ
Publish Date: Sat, 25 Jul 2026 08:11 PM (IST)
Updated Date: Sun, 26 Jul 2026 04:05 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਕੇ ਇਸ ਨੂੰ ਵਿਦਿਆਰਥੀ ਅੰਦੋਲਨ ਦੀ ਜਿੱਤ ਕਰਾਰ ਦਿੱਤਾ ਗਿਆ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੈਕਟਰ-17 ਪਲਾਜ਼ਾ ’ਚ ‘ਵਿਜੈ ਤਿਰੰਗਾ ਮਾਰਚ’ ਕੱਢਿਆ, ਜਿਸ ਦੀ ਅਗਵਾਈ ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਚ.ਐੱਸ. ਲੱਕੀ ਨੇ ਕੀਤੀ। ਮਾਰਚ ’ਚ ਕਾਂਗਰਸੀ ਆਗੂਆਂ, ਕੌਂਸਲਰਾਂ, ਯੂਥ ਕਾਂਗਰਸ, ਐੱਨਐੱਸਯੂਆਈ ਦੇ ਵਰਕਰਾਂ, ਵਿਦਿਆਰਥੀਆਂ ਤੇ ਨਾਗਰਿਕਾਂ ਨੇ ਤਿਰੰਗਾ ਲੈ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵਿਦਿਆਰਥੀ ਸ਼ਕਤੀ ਜ਼ਿੰਦਾਬਾਦ, ਪੇਪਰ ਲੀਕ ਬੰਦ ਕਰੋ ਅਤੇ ਨੌਜਵਾਨ ਵਿਰੋਧੀ ਸਰਕਾਰ ਜਵਾਬ ਦਿਓ ਵਰਗੇ ਨਾਅਰੇ ਲਗਾਏ ਗਏ। ਕਾਂਗਰਸੀ ਵਰਕਰਾਂ ਨੇ ਵਿਦਿਆਰਥੀਆਂ ਵਿੱਚ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ। ਸਭਾ ਨੂੰ ਸੰਬੋਧਨ ਕਰਦਿਆਂ ਐੱਚ.ਐੱਸ. ਲੱਕੀ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਦੇਸ਼ ਦੀ ਵਿਦਿਆਰਥੀ ਸ਼ਕਤੀ ਦੀ ਇਤਿਹਾਸਕ ਜਿੱਤ ਅਤੇ ਕੇਂਦਰ ਸਰਕਾਰ ਦੇ ਹੰਕਾਰ ਦੀ ਹਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਬੇਨਿਯਮੀਆਂ ਨੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ਅਤੇ ਹੁਣ ਸਰਕਾਰ ਨੂੰ ਇਸ ਲਈ ਪੂਰੀ ਜਵਾਬਦੇਹੀ ਨਿਭਾਉਣੀ ਚਾਹੀਦੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਸੈਕਟਰ-47 ਵਿੱਚ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਵਿਦਿਆਰਥੀ ਸੰਘਰਸ਼ ਦੇ ਸਮਰਥਨ ਵਿੱਚ ਕੈਂਡਲ ਮਾਰਚ ਕੱਢਿਆ। ਇਸ ਦੀ ਅਗਵਾਈ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਕੀਤੀ। ਮਾਰਚ ਵਿੱਚ ਪਾਰਟੀ ਦੇ ਪ੍ਰਧਾਨ ਵਿਜੈਪਾਲ ਸਿੰਘ, ਗੁਰਪ੍ਰੀਤ ਕੌਰ, ਲਲਿਤ ਮੋਹਨ, ਮੇਘਾ, ਤੁਸ਼ਾਰ ਸਮੇਤ ਵੱਡੀ ਗਿਣਤੀ ’ਚ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਜਸਬੀਰ ਸਿੰਘ ਲਾਡੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਵਾਜ਼ ਨੂੰ ਲਾਠੀਆਂ ਦੇ ਜ਼ੋਰ ’ਤੇ ਦਬਾਉਣ ਦੀ ਕੋਸ਼ਿਸ਼ ਲੋਕਤੰਤਰ ਲਈ ਸ਼ਰਮਨਾਕ ਹੈ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਦਮਨ ਨਹੀਂ, ਸਗੋਂ ਸੰਵਾਦ ਰਾਹੀਂ ਹੋਣਾ ਚਾਹੀਦਾ ਹੈ। ਵਿਜੈਪਾਲ ਸਿੰਘ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਵਿਦਿਆਰਥੀਆਂ ਦੇ ਸੰਘਰਸ਼ ਤੇ ਉਨ੍ਹਾਂ ਦੀ ਲੋਕਤੰਤਰਿਕ ਲੜਾਈ ਦੀ ਵੱਡੀ ਜਿੱਤ ਹੈ। ਕੈਂਡਲ ਮਾਰਚ ਦੌਰਾਨ ਵਰਕਰਾਂ ਨੇ ਮੋਮਬੱਤੀਆਂ ਜਗਾ ਕੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ ਤੇ ਸਿੱਖਿਆ ’ਤੇ ਵਾਰ ਨਹੀਂ, ਸੰਵਾਦ ਚਾਹੀਦਾ ਹੈ,ਵਿ ਦਿਆਰਥੀਆਂ ਦੀ ਆਵਾਜ਼ ਲੋਕਤੰਤਰ ਦੀ ਆਵਾਜ਼ ਹੈ, ਵਿਦਿਆਰਥੀ ਸੰਘਰਸ਼ ਜ਼ਿੰਦਾਬਾਦ ਤੇ ਲੋਕਤੰਤਰ ਜ਼ਿੰਦਾਬਾਦ ਦੇ ਨਾਅਰੇ ਲਗਾਏ। ਪਾਰਟੀ ਦੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਨੌਜਵਾਨਾਂ ਦੀ ਲੋਕਤੰਤਰਿਕ ਤਾਕਤ ਅਤੇ ਸੰਘਰਸ਼ ਦੀ ਜਿੱਤ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸੱਤਾ ਲੋਕਾਂ ਦੀ ਆਵਾਜ਼ ਨੂੰ ਲੰਬੇ ਸਮੇਂ ਤੱਕ ਦਬਾ ਨਹੀਂ ਸਕਦੀ।