
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਲਈ ਸ਼ਨੀਵਾਰ ਨੂੰ ਪ੍ਰਚਾਰ ਦਾ ਆਖਰੀ ਦਿਨ ਰਿਹਾ। ਇਸ ਦੇ ਨਾਲ ਹੀ ਕੈਂਪਸ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਚੋਣੀ ਸ਼ੋਰ ਥੰਮ ਗਿਆ। ਆਖਰੀ ਦਿਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਪੂਰੀ ਤਾਕਤ ਝੋਂਕ ਦਿੱਤੀ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਲਈ ਸ਼ਨੀਵਾਰ ਨੂੰ ਪ੍ਰਚਾਰ ਦਾ ਆਖਰੀ ਦਿਨ ਰਿਹਾ। ਇਸ ਦੇ ਨਾਲ ਹੀ ਕੈਂਪਸ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਚੋਣੀ ਸ਼ੋਰ ਥੰਮ ਗਿਆ। ਆਖਰੀ ਦਿਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਪੂਰੀ ਤਾਕਤ ਝੋਂਕ ਦਿੱਤੀ। ਵਿਭਾਗਾਂ, ਹੋਸਟਲਾਂ, ਮੈਸ, ਸਟੂਡੈਂਟ ਸੈਂਟਰ ਅਤੇ ਕੈਂਟੀਨਾਂ ਵਿੱਚ ਦਿਨ ਭਰ ਸੰਪਰਕ ਮੁਹਿੰਮ ਚੱਲਦੀ ਰਹੀ। ਸ਼ਾਮ ਹੁੰਦੇ-ਹੁੰਦੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਦੇ ਰੋਡ ਸ਼ੋਅ ਨੇ ਕੈਂਪਸ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਚੋਣੀ ਰੰਗ ਦੇ ਦਿੱਤਾ।
ਹੁਣ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਨਾਲ ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸ ਵਿੱਚ ਬੰਦ ਹੋ ਜਾਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਆਉਣ ਵਾਲੇ ਨਤੀਜੇ ਹੀ ਤੈਅ ਕਰਨਗੇ ਕਿ ਇਸ ਵਾਰ ਪੀਯੂ ਵਿਦਿਆਰਥੀ ਸੰਘ ਦੀ ਕਮਾਨ ਕਿਸ ਸੰਗਠਨ ਅਤੇ ਕਿਸ ਉਮੀਦਵਾਰ ਦੇ ਹੱਥ ਵਿੱਚ ਜਾਵੇਗੀ। ਦੂਜੇ ਪਾਸੇ ਹਰਿਆਣਾ ਦੇ ਰਹਿਣ ਵਾਲੇ ਇਕ ਵਿਦਿਆਰਥੀ ਵਲੋਂ ਯੂਨੀਵਰਸਿਟੀ ਦੇ ਹੋਸਟਲ ਵਿਚ ਆਤਮਹੱਤਿਆ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸ਼ਨੀਵਾਰ ਸਵੇਰ ਤੋਂ ਹੀ ਉਮੀਦਵਾਰ ਆਪਣੇ ਸਮਰਥਕਾਂ ਨਾਲ ਵੱਖ-ਵੱਖ ਵਿਭਾਗਾਂ ਅਤੇ ਹੋਸਟਲਾਂ ਵਿੱਚ ਪਹੁੰਚਦੇ ਰਹੇ। ਕਈ ਥਾਵਾਂ ’ਤੇ ਛੋਟੀਆਂ-ਵੱਡੀਆਂ ਮੀਟਿੰਗਾਂ ਦਾ ਦੌਰ ਚੱਲਿਆ। ਕੈਂਪਸ ਤੋਂ ਬਾਹਰ ਕੈਫੇ ਅਤੇ ਰੈਸਟੋਰੈਂਟਾਂ ਵਿੱਚ ਵੀ ਸਮਰਥਕਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਆਖਰੀ ਸਮੇਂ ਤੱਕ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਜਾਰੀ ਰਹੀ। ਕਈ ਉਮੀਦਵਾਰਾਂ ਨੇ ਕੈਂਪਸ ਵਿੱਚ ਮੌਜੂਦ ਵਿਦਿਆਰਥੀਆਂ ਨਾਲ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਸੰਪਰਕ ਬਣਾਈ ਰੱਖਿਆ।
ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਸ਼ਾਮ ਨੂੰ ਵੱਖ-ਵੱਖ ਸੰਗਠਨਾਂ ਨੇ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਤੈਅ ਸਮੇਂ ਮੁਤਾਬਕ ਕਰੀਬ ਅੱਧੇ ਤੋਂ ਇੱਕ ਘੰਟੇ ਦੇ ਅੰਤਰਾਲ ’ਤੇ ਵੱਖ-ਵੱਖ ਸੰਗਠਨਾਂ ਦੇ ਕਾਫਲੇ ਕੈਂਪਸ ਵਿੱਚੋਂ ਨਿਕਲੇ। ਵਾਹਨਾਂ ’ਤੇ ਝੰਡੇ ਅਤੇ ਪੋਸਟਰ ਲਗਾਏ ਗਏ ਸਨ। ਉਮੀਦਵਾਰਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਵੱਡੀ ਗਿਣਤੀ ਵਿੱਚ ਸਮਰਥਕ ਕਾਫਲਿਆਂ ਵਿੱਚ ਸ਼ਾਮਲ ਹੋਏ। ਆਖਰੀ ਦਿਨ ਦਾ ਰੋਡ ਸ਼ੋਅ ਸੰਗਠਨਾਂ ਲਈ ਸ਼ਕਤੀ ਪ੍ਰਦਰਸ਼ਨ ਦਾ ਵੱਡਾ ਮੰਚ ਰਿਹਾ।
ਰੋਡ ਸ਼ੋਅ ਕਾਰਨ ਕਈ ਹਿੱਸਿਆਂ ਵਿੱਚ ਆਵਾਜਾਈ ਪ੍ਰਭਾਵਿਤ
ਲਗਾਤਾਰ ਨਿਕਲ ਰਹੇ ਚੋਣੀ ਕਾਫਲਿਆਂ ਕਾਰਨ ਕੈਂਪਸ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ। ਐਡਮਿਨਿਸਟ੍ਰੇਸ਼ਨ ਬਲਾਕ, ਸਾਇੰਸ ਬਲਾਕ ਅਤੇ ਹੋਸਟਲ ਰੋਡ ਦੇ ਆਸ-ਪਾਸ ਵਾਹਨਾਂ ਦੀ ਗਿਣਤੀ ਵਧਣ ਕਾਰਨ ਕੁਝ ਸਮੇਂ ਲਈ ਜਾਮ ਦੀ ਸਥਿਤੀ ਬਣੀ। ਵਾਹਨਾਂ ਦੀ ਹੌਲੀ ਰਫ਼ਤਾਰ ਕਾਰਨ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਵੋਟਿੰਗ ਪ੍ਰਤੀਸ਼ਤ ਵਧਾਉਣਾ ਸੰਗਠਨਾਂ ਲਈ ਵੱਡੀ ਚੁਣੌਤੀ
ਇਸ ਵਾਰ 16,448 ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਪਿਛਲੇ ਸਾਲ ਇਹ ਗਿਣਤੀ 16,124 ਸੀ। ਪਿਛਲੀ ਚੋਣ ਵਿੱਚ ਕਰੀਬ 59 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ ਵੋਟਿੰਗ ਪ੍ਰਤੀਸ਼ਤ ਵਧਾਉਣਾ ਸਾਰੇ ਵਿਦਿਆਰਥੀ ਸੰਗਠਨਾਂ ਲਈ ਵੱਡੀ ਚੁਣੌਤੀ ਹੈ। ਰੱਖੜੀ ਕਾਰਨ ਘਰ ਗਏ ਵਿਦਿਆਰਥੀਆਂ ਦੀ ਵਾਪਸੀ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਇਹ ਦੇਖਣਾ ਅਹਿਮ ਹੋਵੇਗਾ ਕਿ ਕਿੰਨੇ ਵਿਦਿਆਰਥੀ ਸਮੇਂ ਸਿਰ ਕੈਂਪਸ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ। ਇਸ ਵਾਰ ਵੋਟਿੰਗ ਤੋਂ ਅਗਲੇ ਦਿਨ ਛੁੱਟੀ ਵੀ ਨਹੀਂ ਹੈ।
140 ਸੁਰੱਖਿਆ ਕਰਮਚਾਰੀ ਤੇ 450 ਪੁਲਿਸ ਜਵਾਨ ਸੰਭਾਲਣਗੇ ਮੋਰਚਾ
ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੈਂਪਸ ਵਿੱਚ 140 ਯੂਨੀਵਰਸਿਟੀ ਸੁਰੱਖਿਆ ਕਰਮਚਾਰੀਆਂ ਦੇ ਨਾਲ 450 ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਰਹਿਣਗੇ। ਸੰਵੇਦਨਸ਼ੀਲ ਥਾਵਾਂ ’ਤੇ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ ਅਤੇ ਵਾਧੂ ਸੀਸੀਟੀਵੀ ਵੀ ਲਗਾਏ ਗਏ ਹਨ। ਕੈਂਪਸ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਵਿੱਚ ਪੰਜਵੇਂ ਸਾਲ ਦੇ ਬੀ ਕਾਮ ਐੱਲ ਐੱਲ ਬੀ ਦੇ ਵਿਦਿਆਰਥੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਆਪਣੇ ਹੋਸਟਲ ਦੇ ਕਮਰੇ ਵਿੱਚ ਲਟਕਦਾ ਮਿਲਿਆ। ਉਸਨੂੰ ਤੁਰੰਤ ਥੱਲੇ ਉਤਾਰ ਕੇ ਪੀਜੀਆਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਚੇਤਨਿਆ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਸੀ।