ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅਨਾਜ ਮੰਡੀ ਦਾ ਦੌਰਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅਨਾਜ ਮੰਡੀ ਦਾ ਦੌਰਾ,
Publish Date: Mon, 05 Oct 2026 08:37 PM (IST)
Updated Date: Mon, 05 Oct 2026 08:38 PM (IST)
-ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਐੱਮਐੱਸਪੀ ਤੇ 24.61 ਰੁਪਏ ਦੇ ਹਿਸਾਬ ਨਾਲ ਖ਼ਰੀਦਿਆ ਜਾਵੇਗਾ, ਅਦਾਇਗੀ 24 ਘੰਟੇ ਵਿਚ : ਕਟਾਰੂਚੱਕ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਅਨਾਜ ਮੰਡੀ ਖਰੜ ਵਿਖੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨਾਲ ਝੋਨੇ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿਚ ਚੱਲ ਰਹੀ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਅੱਜ ਦੋ ਜ਼ਿਲ੍ਹਿਆਂ ਦੀਆਂ ਮੰਡੀਆਂ ਜਿਨ੍ਹਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਬੰਗਾ ਮੰਡੀ ਤੇ ਹੁਣ ਮੁਹਾਲੀ ਦੀ ਖਰੜ ਮੰਡੀ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਆਏ ਕਿਸਾਨ ਮਨਦੀਪ ਸਿੰਘ ਵਾਸੀ ਤ੍ਰਿਪੜੀ ਦੀ ਢੇਰੀ ਤੋਲੀ ਗਈ ਹੈ, ਜਿਸ ਦੀ ਖ਼ਰੀਦ ਹੋਣ ਤੋਂ 24 ਘੰਟੇ ਦੇ ਅੰਦਰ ਉਨ੍ਹਾਂ ਦੇ ਪੈਸੇ ਉਨ੍ਹਾਂ ਦੇ ਖਾਤੇ ਵਿਚ ਪੈ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕੀਤੇ ਗਏ ਹਨ, ਖ਼ਾਸ ਕਰਕੇ ਜਿਨ੍ਹਾਂ ਵਿਚ ਖ਼ਰੀਦ ਨਾਲ ਸਬੰਧਤ ਜਿਸ ਵਿਚ ਸਾਡੇ ਕਿਸਾਨ, ਮਜ਼ਦੂਰ, ਆੜ੍ਹਤੀ ਤੇ ਮਿਲਰਜ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪ ਜ਼ਮੀਨੀ ਪੱਧਰ ’ਤੇ ਮੰਡੀਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਖ਼ਰੀਦ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਾਰ ਪੰਜਾਬ ਵਿਚ ਬੰਪਰ ਫ਼ਸਲ ਹੋਈ ਹੈ, ਜੋਕਿ ਕਈ ਸਾਲਾ ਬਾਅਦ ਕੁਆਲਟੀ ਪੱਖੋਂ ਵੀ ਉੱਤਮ ਫ਼ਸਲ ਵੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1.80 ਲੱਖ ਮੈਟ੍ਰਿਕ ਟਨ ਫ਼ਸਲ ਪੂਰਾ ਕਰਨ ਦਾ ਜੋ ਕੇਂਦਰੀ ਪੁਲ ਲਈ ਟਾਰਗੇਟ ਮਿਲਿਆ ਹੈ, ਉਹ ਅਸੀਂ ਪੂਰਾ ਕਰਨ ਦੀ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖ਼ਰੀਦ ਪ੍ਰਬੰਧਾਂ ਲਈ ਪੰਜ ਲੱਖ ਗੱਟਾ ਉਨ੍ਹਾਂ ਕੋਲ ਮੌਜੂਦ ਹੈ ਤੇ ਬਾਰਦਾਨੇ ਦੀ ਕੋਈ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ। ਸੀਸੀਐੱਲ 42.7 ਸੌ ਕਰੋੜ ਸਾਡੇ ਕੋਲ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਮੰਡੀਆਂ ਵਿਚੋਂ ਕਿਸਾਨਾਂ ਦਾ ਇਕੱਲਾ-ਇਕੱਲਾ ਦਾਣਾ ਐੱਮਐੱਸਪੀ ਦੇ ਉੱਤੇ 24.61 ਰੁਪਏ ਦੇ ਹਿਸਾਬ ਖ਼ਰੀਦਣਾ ਹੈ ਅਤੇ 24 ਘੰਟਿਆਂ ਵਿਚ ਕਿਸਾਨ ਦੇ ਖਾਤੇ ਵਿਚ ਪੈਸੇ ਪੈ ਜਾਣਗੇ। ਉਨ੍ਹਾਂ ਮੰਡੀਆਂ ਵਿਚੋਂ ਫ਼ਸਲ ਲਿਫਟਿੰਗ ਨਾ ਹੋਣ ਤੇ ਗੁਦਾਮਾਂ ਵਿਚ ਪਈ ਕਣਕ ਦੀ ਫ਼ਸਲ ਬਾਰੇ ਕੀਤੇ ਸਵਾਲ ’ਤੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੇਂਦਰੀ ਮੰਤਰੀ ਨਾਲ ਗੁਦਾਮ ਖਾਲੀ ਕਰਾਉਣ ਲਈ ਗੱਲ ਕੀਤੀ ਗਈ ਹੈ ਕਿਉਂਕਿ ਗੁਦਾਮਾਂ ਵਿਚ ਪਿਆ ਅਨਾਜ ਕੇਂਦਰ ਸਰਕਾਰ ਦਾ ਹੈ ਅਤੇ ਰਹੀ ਗੱਲ ਪੰਜਾਬ ਵਿਚੋਂ ਲਿਫਟਿੰਗ ਦੀ ਤਾਂ ਮੰਡੀਆਂ ਵਿਚੋਂ ਲਿਫਟਿੰਗ ਹੋ ਰਹੀ ਹੈ ਕਿਉਂਕਿ ਹੁਣ ਤੱਕ ਸਰਕਾਰ ਵੱਲੋਂ 3.93 ਲੱਖ ਮੀਟ੍ਰਿਕ ਟਨ ਫ਼ਸਲ ਉਨ੍ਹਾਂ ਕੋਲ ਪਹੁੰਚੀ ਹੈ, ਜਿਸ ’ਚੋਂ 3.44 ਲੱਖ ਮੀਟ੍ਰਿਕ ਟਨ ਫ਼ਸਲ ਉਨ੍ਹਾਂ ਖ਼ਰੀਦ ਲਈ ਹੈ। ਇਸ ਮੌਕੇ ਲਿਫਟਿੰਗ ਦੀ ਹਰ ਸਾਲ ਆਉਂਦੀ ਸਮੱਸਿਆ ’ਤੇ ਬੋਲਦਿਆਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਸਮੱਸਿਆ ਲਈ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਤੇ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਹਨ ਕਿਉਂਕਿ ਪਿਛਲੇ ਸਾਲ ਕਿਸਾਨ ਅਤੇ ਆੜ੍ਹਤੀਆਂ ਨੂੰ ਲਿਫਟਿੰਗ ਨਾ ਹੋਣ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਸਮੱਸਿਆ ਵੱਲ ਧਿਆਨ ਦੇ ਕੇ ਇਸਦਾ ਹੱਲ ਕੱਢੇਗੀ। ਇਸ ਮੌਕੇ ਐੱਸਡੀਐੱਮ ਖਰੜ ਗੁਰਮੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ, ਸਕੱਤਰ ਮਾਰਕੀਟ ਕਮੇਟੀ ਖਰੜ ਜਸਵਿੰਦਰ ਸਿੰਘ, ਕੌਂਸਲਰ ਰਾਮ ਸਰੂਪ ਸ਼ਰਮਾ, ਪਰਮਿੰਦਰ ਸਿੰਘ ਭਾਟੀਆ, ਪ੍ਰਿੰਸ ਧਾਲੀਵਾਲ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਅਤੇ ਮਾਰਕੀਟ ਕਮੇਟੀ ਤੇ ਮਾਰਕਫੈਡ ਦੇ ਦਫ਼ਤਰੀ ਸਟਾਫ਼ ਦੇ ਮੈਂਬਰ ਮੌਜੂਦ ਸਨ।