ਜ਼ੀਰਕਪੁਰ ਤੋਂ ਧਾਰਮਿਕ ਅਸਥਾਨਾਂ ਲਈ ਬੱਸਾਂ ਰਵਾਨਾ, ਕੌਂਸਲ ਪ੍ਰਧਾਨ ਵਿਰਕ ਨੇ ਹਰੀ ਝੰਡੀ ਦਿਖਾਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਜ਼ੀਰਕਪੁਰ ਤੋਂ ਬੱਸ ਧਾਰਮਿਕ ਅਸਥਾਨਾਂ ਲਈ ਰਵਾਨਾ
Publish Date: Sat, 19 Sep 2026 07:15 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ। 29ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ ਤਹਿਤ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨਿਚਰਵਾਰ ਨੂੰ ਜ਼ੀਰਕਪੁਰ ਖੇਤਰ ਤੋਂ ਵਿਸ਼ੇਸ਼ ਬੱਸਾਂ ਰਵਾਨਾ ਕੀਤੀਆਂ ਗਈਆਂ। ਸ਼ਹਿਰ ਦੇ ਵਾਰਡ ਨੰ. 6, 19 ਅਤੇ 21 ਤੋਂ ਸੰਗਤ ਨੂੰ ਤੀਰਥ ਯਾਤਰਾ ਲਈ ਕ੍ਰਮਵਾਰ 142ਵੀਂ, 143ਵੀਂ ਅਤੇ 144ਵੀਂ ਬੱਸ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਸੀਨੀਅਰ ਪ੍ਰਧਾਨ ਗੁਰਵਿੰਦਰ ਸਿੰਘ, ਕੌਂਸਲਰ ਰਾਜਿੰਦਰ ਸਿੰਘ ਅਤੇ ਕੌਂਸਲਰ ਸੁਮਨ ਸੈਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਯਾਤਰਾ ਲਈ ਰਵਾਨਾ ਕੀਤਾ। ਬੱਸਾਂ ਦੀ ਰਵਾਨਗੀ ਸਮੇਂ ਸ਼ਰਧਾਲੂਆਂ ਵਿਚ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਲੈ ਕੇ ਅਥਾਹ ਸ਼ਰਧਾ, ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਯਾਤਰਾ ਸਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾ ਨਾਲ ਸਿੱਧੀ ਜੁੜੀ ਹੋਈ ਹੈ। ਇਸ ਰਾਹੀਂ ਸ਼ਰਧਾਲੂਆਂ ਨੂੰ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਮੁਫ਼ਤ ਅਤੇ ਸੁਖਾਲੇ ਦਰਸ਼ਨ ਕਰਨ ਦੀ ਬਹੁੱਤ ਵਧੀਆ ਸੁਵਿਧਾ ਮਿਲ ਰਹੀ ਹੈ, ਜਿਸ ਦਾ ਪੂਰੇ ਸੂਬੇ ਵਿਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਯਾਤਰਾ ਤੇ ਜਾ ਰਹੀਆਂ ਸਮੂਹ ਸੰਗਤ ਦੀ ਸੁਖਦ ਯਾਤਰਾ ਦੀ ਕਾਮਨਾ ਕਰਦਿਆਂ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਦਿਨ-ਦੁਗਣੀ ਰਾਤ-ਚੌਗੁਣੀ ਤਰੱਕੀ (ਚੜ੍ਹਦੀ ਕਲਾ) ਲਈ ਅਰਦਾਸ ਵੀ ਕੀਤੀ।