- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਝਾਂ ਚੋਰੀਆਂ ਕਿਸਾਨਾਂ ਤੇ ਪੀੜਤਾਂ ਨੇ ਡੀਸੀ ਦਾ ਬੂਹਾ ਖੜਕਾਇਆ

-ਪਿੰਡ ’ਚ ਅੱਧੀ ਰਾਤ ਮਗਰੋਂ ਮਾਰੂ ਹਥਿਆਰਾਂ ਨਾਲ ਲੈਸ ਲੁਟੇਰਾ ਗਰੋਹ ਸਰਗਰਮ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡਾਂ ਵਿਚ ਚੰਗੀ ਨਸਲ ਦੀਆਂ ਮੱਝਾਂ ਚੋਰੀਆਂ ਕਰਨ ਵਾਲਾ ਗਰੋਹ ਸਰਗਰਮ ਹੈ। ਜਿਸ ਕਾਰਨ ਪਸ਼ੂ ਪਾਲਕ ਅਤੇ ਕਿਸਾਨ ਕਾਫ਼ੀ ਔਖੇ ਹਨ। ਮਾਰੂ ਹਥਿਆਰਾਂ ਨਾਲ ਲੈਸ ਇਹ ਲੁਟੇਰਾ ਗਰੋਹ ਅੱਧੀ ਤੋਂ ਬਾਅਦ ਤੜਕੇ ਸਵੇਰ ਤੱਕ ਮੱਝਾਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਅਤੇ ਵਿਰੋਧ ਕਰਨ ’ਤੇ ਪਸ਼ੂ ਪਾਲਕਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਦੇ ਵਫ਼ਦ ਨੇ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਦਿਆਂ ਲਿਖਤੀ ਰੂਪ ਵਿਚ ਮੱਝਾਂ ਚੋਰੀਆਂ ਅਤੇ ਕਿਸਾਨਾਂ ਦੀ ਕੁੱਟਮਾਰ ਕਰਨ ਬਾਰੇ ਜਾਣੂ ਕਰਵਾਇਆ।
ਕਿਸਾਨਾਂ ਨੇ ਪਿੰਡ ਬਠਲਾਣਾ, ਪੋਪਨਿਆਂ, ਖਾਨਪੁਰ, ਚੰਡਿਆਲਾ, ਸਿਆਲਬਾ ਸਮੇਤ ਬਲਾਕ ਮਾਜਰੀ ਦੇ ਕਈ ਪਿੰਡਾਂ ’ਚੋਂ ਪਸ਼ੂ ਚੋਰੀ ਕੀਤੇ ਗਏ ਹਨ। ਪਿੰਡ ਪੋਪਨਿਆਂ ’ਚਂ ਦਰਸ਼ਨ ਸਿੰਘ ਦੀਆਂ ਤਿੰਨ ਮੱਝਾਂ ਤੇ ਇਕ ਬੱਕਰੀ ਚੋਰੀ ਕੀਤੀ ਅਤੇ ਪੀੜਤ ਕਿਸਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਸ ਨੂੰ ਖਰੜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇੰਝ ਹੀ ਪਿੰਡ ਚੰਦੋਂ ’ਚੋਂ ਛੇ ਮੱਝਾਂ ਅਤੇ ਪਿੰਡ ਦੇਹਕਲਾਂ ’ਚੋਂ ਦਵਿੰਦਰ ਸਿੰਘ ਦੀਆਂ ਚਾਰ ਮੱਝਾਂ, ਪਿੰਡ ਬਲਠਾਣਾ ’ਚੋਂ ਸੁਰਮੁੱਖ ਸਿੰਘ ਦੀਆਂ ਚਾਰ ਮੱਝਾਂ ਚੋਰੀਆਂ ਕੀਤੀਆਂ ਗਈਆਂ ਹਨ ਜਦੋਂਕਿ ਇਸ ਤੋਂ ਪਹਿਲਾਂ ਉਸ ਦੀਆਂ ਛੇ ਮੱਝਾਂ ਚੋਰੀਆਂ ਕੀਤੀਆਂ ਗਈਆਂ ਸਨ। ਕਈ ਵਾਰਦਾਤਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀਆਂ ਹਨ ਲੇਕਿਨ ਹਾਲੇ ਤੱਕ ਪਸ਼ੂ ਚੋਰਾਂ ਨੂੰ ਫੜਿਆ ਨਹੀਂ ਗਿਆ।
ਜਥੇਬੰਦੀ ਦੇ ਆਗੂਆਂ ਅਤੇ ਪੀੜਤ ਕਿਸਾਨਾਂ ਨੇ ਡੀਸੀ ਦੇ ਧਿਆਨ ’ਚ ਲਿਆਂਦਾ ਕਿ ਇਹ ਲੁਟੇਰਾ ਗਰੋਹ ਰਾਤ ਨੂੰ ਲਗਭਗ 12 ਵਜੇ ਤੋਂ ਲੈ ਕੇ ਤੜਕੇ 3 ਵਜੇ ਦਰਮਿਆਨ ਪਿੰਡਾਂ ’ਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਇਹ ਗਰੋਹ ਪਿੰਡਾਂ ਤੋਂ ਬਾਹਰ-ਵਾਰ ਬਣੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਇਨ੍ਹਾਂ ਲੁਟੇਰਿਆਂ ਕੋਲ ਮਾਰੂ ਹਥਿਆਰ ਹੁੰਦੇ ਹਨ। ਮੱਝਾਂ ਚੋਰੀ ਕਰਨ ਦੇ ਨਾਲ-ਨਾਲ ਜੇਕਰ ਘਰ ਦਾ ਕੋਈ ਮੈਂਬਰ ਇਨ੍ਹਾਂ ਦਾ ਵਿਰੋਧ ਕਰਦਾ ਹੈ ਜਾਂ ਜਾਗ ਪੈਂਦਾ ਹੈ, ਤਾਂ ਲੁਟੇਰੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੰਦੇ ਹਨ। ਇਸ ਮੌਕੇ ਪ੍ਰਭਜੋਤ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਖੂੰਨੀਮਾਜਰਾ ਬਲਾਕ ਪ੍ਰਧਾਨ ਖਰੜ, ਅਮਰੀਕ ਸਿੰਘ ਭੋਲਾ ਸਲਾਮਤਪੁਰ, ਸ਼ਲਿੰਦਰ ਸਿੰਘ, ਜਸਵੰਤ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।
਼
ਬਾਕਸ : ਅਸਲਾ ਲਾਇਸੈਂਸ ਜਾਰੀ ਕਰਨ ਦੀ ਮੰਗ
ਕਿਸਾਨਾਂ ਨੇ ਆਪਣੀ ਅਤੇ ਆਪਣੇ ਮਾਲ-ਡੰਗਰ ਦੀ ਸੁਰੱਖਿਆ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਅਸਲਾ ਲਾਇਸੈਂਸ ਜਾਰੀ ਕੀਤੇ ਜਾਣ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਪੀੜਤਾਂ ਕਿਸਾਨਾਂ ਦੀ ਵਿੱਤੀ ਮਦਦ ਲਈ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਗਰੋਹ ਅਤੇ ਚੋਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਾ ਪਾਈ, ਤਾਂ ਇਲਾਕੇ ਦੇ ਲੋਕ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।