ਨਾਲ਼ੇ ਦਾ ਜ਼ਹਿਰੀਲਾ ਪਾਣੀ ਪੀਣ ਨਾਲ ਮੱਝ ਦੀ ਮੌਤ ਨਾਲ਼ੇ ਦਾ ਜ਼ਹਿਰੀਲਾ ਪਾਣੀ ਪੀਣ ਨਾਲ ਮੱਝ ਦੀ ਮੌਤ,
Publish Date: Mon, 16 Nov 2026 05:43 PM (IST)
Updated Date: Tue, 17 Nov 2026 04:00 AM (IST)
ਫੈਕਟਰੀਆਂ ਦੀ ਰਹਿੰਦ-ਖੂੰਹਦ ਨੇ ਬਰਸਾਤੀ ਨਾਲਿਆਂ ਨੂੰ ਕਾਲੇ ਪਾਣੀ ਚ ਬਦਲਿਆ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਿਰਫ਼ ਸੈਂਪਲ ਭਰਨ ਤੱਕ ਸੀਮਤ ਰਹਿਣ ਦੇ ਦੋਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇੱਥੋਂ ਨੇੜਲੇ ਪਿੰਡ ਕੂੜਾਂਵਾਲਾ ਕੋਲੋਂ ਲੰਘਦੇ ਬਰਸਾਤੀ ਨਾਲ਼ੇ ਦਾ ਜ਼ਹਿਰੀਲਾ ਪਾਣੀ ਪੀਣ ਕਾਰਨ ਇਕ ਮੱਝ ਦੀ ਮੌਤ ਹੋ ਗਈ। ਇਲਾਕੇ ਦੀਆਂ ਫੈਕਟਰੀਆਂ ਵੱਲੋਂ ਬਰਸਾਤੀ ਨਾਲਿਆਂ ’ਚ ਲਗਾਤਾਰ ਛੱਡੇ ਜਾ ਰਹੇ ਕੈਮੀਕਲ ਯੁਕਤ ਦੂਸ਼ਿਤ ਪਾਣੀ ਕਾਰਨ ਪਸ਼ੂਆਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੂੜਾਂਵਾਲਾ ਦੇ ਪਸ਼ੂ ਪਾਲਕ ਪੰਗਾ ਰਾਮ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀਆਂ ਮੱਝਾਂ ਚਾਰਨ ਲਈ ਖੇਤਾਂ ਵੱਲ ਗਿਆ ਹੋਇਆ ਸੀ। ਇਸ ਦੌਰਾਨ ਇਕ ਮੱਝ ਨੇ ਗ਼ਲਤੀ ਨਾਲ ਨੇੜਲੇ ਬਰਸਾਤੀ ਨਾਲ਼ੇ ਦਾ ਕਾਲਾ ਤੇ ਦੂਸ਼ਿਤ ਪਾਣੀ ਪੀ ਲਿਆ। ਪਾਣੀ ਪੀਣ ਤੋਂ ਕੁਝ ਹੀ ਸਮੇਂ ਬਾਅਦ ਮੱਝ ਤੜਫ ਕੇ ਹੇਠਾਂ ਡਿੱਗ ਪਈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਪੀੜਤ ਪਸ਼ੂ ਪਾਲਕ ਨੇ ਦੱਸਿਆ ਕਿ ਦੁਧਾਰੂ ਮੱਝ ਦੇ ਮਰਨ ਕਾਰਨ ਉਸ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਡੇਰਾਬੱਸੀ ਖੇਤਰ ਦੀਆਂ ਫੈਕਟਰੀਆਂ ਵੱਲੋਂ ਪਿਛਲੇ ਕਈ ਸਾਲਾ ਤੋਂ ਬਰਸਾਤੀ ਨਾਲਿਆਂ ’ਚ ਬਿਨਾਂ ਸੋਧੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਇਹ ਨਾਲ਼ੇ ਹੁਣ ਗੰਦੇ ਅਤੇ ਕਾਲੇ ਪਾਣੀ ਦੇ ਨਾਲਿਆਂ ’ਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ’ਚੋਂ ਉੱਠਦੀ ਤੇਜ਼ ਬਦਬੂ ਕਾਰਨ ਨੇੜਿਓਂ ਲੰਘਣ ਵਾਲੇ ਰਾਹਗੀਰਾਂ ਤੇ ਪਿੰਡ ਵਾਸੀਆਂ ਦਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੂਸ਼ਿਤ ਪਾਣੀ ਪੀਣ ਨਾਲ ਪਸ਼ੂਆਂ ਦੇ ਮਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸਿਰਫ਼ ਪਾਣੀ ਦੇ ਸੈਂਪਲ ਭਰਨ ਦੀ ਖਾਨਾਪੂਰਤੀ ਤੱਕ ਹੀ ਸੀਮਤ ਰਹਿੰਦੇ ਹਨ ਤੇ ਦੋਸ਼ੀ ਫੈਕਟਰੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੇ ਸਾਰੇ ਬਰਸਾਤੀ ਨਾਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੂਸ਼ਿਤ ਪਾਣੀ ਛੱਡਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਸ਼ੂ ਪਾਲਕ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।