- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਕਸ ਦੇਸ਼ਾਂ ਪਰੰਪਰਾਗਤ ਚਿਕਿਤਸਾ ਨੂੰ ਮਿਲ ਕੇ ਦੇਣਗੇ ਨਵੀਂ ਦਿਸ਼ਾ

ਟੀਸੀਆਈਐਮ ਲਈ ਮਾਹਿਰ ਵਰਕਿੰਗ ਗਰੁੱਪ ਦੇ ਗਠਨ ’ਤੇ ਸਹਿਮਤੀ, ਚੰਡੀਗੜ੍ਹ ’ਚ ਹੋਈ ਅਹਿਮ ਮੀਟਿੰਗ
ਤਰੁਣ ਭਜਨੀ, ਪੰਜਾਬੀ ਜਾਗਰਣ,
ਚੰਡੀਗੜ੍ਹ : ਭਾਰਤ ਦੀ ਬ੍ਰਿਕਸ-2026 ਪ੍ਰਧਾਨਗੀ ਤਹਿਤ ਚੰਡੀਗੜ੍ਹ ’ਚ ਸੋਮਵਾਰ ਨੂੰ ਪਰੰਪਰਾਗਤ, ਪੂਰਕ ਤੇ ਏਕੀਕ੍ਰਿਤ ਚਿਕਿਤਸਾ (ਟੀਸੀਆਈਐੱਮ) ਸਬੰਧੀ ਬ੍ਰਿਕਸ ਦੇਸ਼ਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਮੈਂਬਰ ਦੇਸ਼ਾਂ ਨੇ ਟੀਸੀਆਈਐੱਮ ਖੇਤਰ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਖੋਜ ਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਬ੍ਰਿਕਸ ਮਾਹਿਰ ਵਰਕਿੰਗ ਗਰੁੱਪ ਦੇ ਗਠਨ ਲਈ ਟਰਮਜ਼ ਆਫ਼ ਰੈਫਰੈਂਸ (ਟੀਓਆਰ) ਨੂੰ ਸਹਿਮਤੀ ਨਾਲ ਅੰਤਿਮ ਰੂਪ ਦਿੱਤਾ। ਇਹ ਮੀਟਿੰਗ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਆਯੁਸ਼ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਚਾਰ ਦਿਨਾਂ ਬ੍ਰਿਕਸ ਹੈਲਥ ਟਰੈਕ ਪ੍ਰੋਗਰਾਮ ਦਾ ਹਿੱਸਾ ਸੀ।
ਇਸ ਮੀਟਿੰਗ ’ਚ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇਰਾਨ, ਰੂਸ, ਦੱਖਣੀ ਅਫ਼ਰੀਕਾ ਤੇ ਸੰਯੁਕਤ ਅਰਬ ਅਮੀਰਾਤ ਦੇ ਸੀਨੀਅਰ ਅਧਿਕਾਰੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪਰੰਪਰਾਗਤ ਚਿਕਿਤਸਾ ਨਾਲ ਜੁੜੀਆਂ ਸਰਵੋਤਮ ਪ੍ਰਥਾਵਾਂ, ਨੀਤੀਗਤ ਤਜਰਬਿਆਂ ਤੇ ਵਿਗਿਆਨਕ ਖੋਜਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਪਰੰਪਰਾਗਤ ਚਿਕਿਤਸਾ ਨੂੰ ਵਿਗਿਆਨਕ ਸਬੂਤਾਂ ਨਾਲ ਹੋਰ ਮਜ਼ਬੂਤ ਬਣਾਉਣ ਤੇ ਬ੍ਰਿਕਸ ਦੇਸ਼ਾਂ ਵਿਚਕਾਰ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਭਵਿੱਖ ’ਚ ਖੋਜ, ਸਿੱਖਿਆ, ਨਿਯਮਕ ਢਾਂਚਿਆਂ ਤੇ ਨੀਤੀਗਤ ਤਾਲਮੇਲ ਨੂੰ ਵਧਾਉਣ ਸਬੰਧੀ ਵੀ ਸਹਿਮਤੀ ਬਣੀ।
ਇਸ ਮੌਕੇ ਆਯੁਸ਼ ਮੰਤਰਾਲੇ ਵੱਲੋਂ ‘ਸਮਰੱਥਾ ਨਿਰਮਾਣ, ਸਿੱਖਿਆ ਤੇ ਮਨੁੱਖੀ ਸਰੋਤ ਵਿਕਾ’ ਵਿਸ਼ੇ ’ਤੇ ਵਿਸ਼ੇਸ਼ ਸਾਈਡ ਈਵੈਂਟ ਵੀ ਕਰਵਾਇਆ ਗਿਆ, ਜਿਸ ਵਿੱਚ ਆਯੁਸ਼ ਸਕਾਲਰਸ਼ਿਪ, ਫੈਕਲਟੀ ਤੇ ਵਿਦਿਆਰਥੀ ਅਦਲਾ-ਬਦਲੀ, ਖੋਜ ਭਾਈਵਾਲੀਆਂ ਤੇ ਵਿਸ਼ਵ ਪੱਧਰੀ ਸਿਖਲਾਈ ਨੂੰ ਮਜ਼ਬੂਤ ਕਰਨ ’ਤੇ ਚਰਚਾ ਹੋਈ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਨੇ ‘ਆਯੁਸ਼ ਜ਼ੋਨ’ ਦਾ ਉਦਘਾਟਨ ਵੀ ਕੀਤਾ, ਜਿੱਥੇ ਵਿਦੇਸ਼ੀ ਪ੍ਰਤੀਨਿਧੀਆਂ ਨੇ ਆਯੁਸ਼ ਆਹਾਰ, ਵੈਲਨੈੱਸ ਸਲਾਹ, ਭਾਰਤ ਦੀ ਜੜੀ-ਬੂਟੀ ਵਿਰਾਸਤ, ਖੋਜ ਤੇ ਨਵੀਨਤਾ ਨਾਲ ਜੁੜੀਆਂ ਪ੍ਰਦਰਸ਼ਨੀਆਂ ਦਾ ਅਵਲੋਕਣ ਕੀਤਾ। ਇਸ ਦੇ ਨਾਲ ਹੀ ਯੋਗ, ‘ਯੋਗਾ ਬ੍ਰੇਕ’, ‘ਫਿਟ ਇੰਡੀਆ ਰਨ’ ਤੇ ‘ਆਯੁਸ਼ ਆਹਾਰ ਮੇਲੇ’ ਵਰਗੀਆਂ ਗਤੀਵਿਧੀਆਂ ਵੀ ਚਾਰ ਦਿਨਾਂ ਪ੍ਰੋਗਰਾਮ ਦਾ ਹਿੱਸਾ ਹਨ।
ਬ੍ਰਿਕਸ ਦੇਸ਼ਾਂ ਨੇ ਸਬੂਤ-ਆਧਾਰਿਤ ਪਰੰਪਰਾਗਤ ਚਿਕਿਤਸਾ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਿਤ ਕਰਨ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਬਣਾਉਣ ਤੇ ਹਰ ਕਿਸੇ ਲਈ ਸੌਖੀ, ਸਮੁੱਚੀ ਤੇ ਟਿਕਾਊ ਸਿਹਤ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਸਾਂਝੇ ਤੌਰ ’ਤੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ।