- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ 8 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਆਕਾਸ਼ ਬੱਤਾ ਪਹਿਲੀ ਵਾਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਗਵਾਹੀ ਦੇਣ ਪਹੁੰਚਣਗੇ।

ਤਰੁਨ ਭਜਨੀ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ 8 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਆਕਾਸ਼ ਬੱਤਾ ਪਹਿਲੀ ਵਾਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਗਵਾਹੀ ਦੇਣ ਪਹੁੰਚਣਗੇ। ਅਦਾਲਤ ਨੇ ਬੱਤਾ ਨੂੰ 24 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਰਿਸ਼ਵਤ ਮਾਮਲੇ ਵਿੱਚ ਦੋਸ਼ ਤੈਅ ਹੋਣ ਤੋਂ ਬਾਅਦ ਹੁਣ ਸ਼ਿਕਾਇਤਕਰਤਾ ਦੀ ਗਵਾਹੀ ਨੂੰ ਮੁਕੱਦਮੇ ਦੀ ਸਭ ਤੋਂ ਅਹਿਮ ਕੜੀ ਮੰਨਿਆ ਜਾ ਰਿਹਾ ਹੈ।
ਸੀਬੀਆਈ ਅਨੁਸਾਰ, ਆਕਾਸ਼ ਬੱਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਇੱਕ ਅਪਰਾਧਿਕ ਮਾਮਲੇ ਵਿੱਚ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਉਸ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਨੇ ਕਾਰਵਾਈ ਕਰਦਿਆਂ ਤਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਜੇਕਰ ਬੱਤਾ ਨੇ ਅਦਾਲਤ ਵਿੱਚ ਭੁੱਲਰ ਅਤੇ ਵਿਚੋਲੇ ਖ਼ਿਲਾਫ਼ ਬਿਆਨ ਦਿੱਤਾ ਤਾਂ ਦੋਵੇਂ ਮੁਲਜ਼ਮਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦੂਜੇ ਪਾਸੇ, ਸੀਬੀਆਈ ਲਈ ਵੀ ਸ਼ਿਕਾਇਤਕਰਤਾ ਨੂੰ ਉਸ ਦੇ ਪੁਰਾਣੇ ਬਿਆਨਾਂ ’ਤੇ ਕਾਇਮ ਰੱਖਣਾ ਵੱਡੀ ਚੁਣੌਤੀ ਹੋਵੇਗੀ।
ਭੁੱਲਰ ਦੇ ਘਰੋਂ ਮਿਲੇ ਸਨ ਸਾਢੇ ਸੱਤ ਕਰੋੜ ਰੁਪਏ ਨਕਦ
ਪਿਛਲੇ ਸਾਲ ਸੀਬੀਆਈ ਨੇ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸੈਕਟਰ-40 ਸਥਿਤ ਉਸ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਕਰੀਬ ਸਾਢੇ ਸੱਤ ਕਰੋੜ ਰੁਪਏ ਨਕਦ, ਲਗਭਗ ਢਾਈ ਕਿਲੋ ਸੋਨਾ ਅਤੇ ਮਹਿੰਗੀਆਂ ਘੜੀਆਂ ਬਰਾਮਦ ਕੀਤੀਆਂ ਗਈਆਂ ਸਨ। ਸੀਬੀਆਈ ਨੇ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਵੱਖਰਾ ਮਾਮਲਾ ਵੀ ਦਰਜ ਕੀਤਾ ਸੀ। ਇਸ ਦੇ ਨਾਲ ਹੀ ਪ੍ਰਵਰਤਨ ਨਿਰਦੇਸ਼ਾਲੇ (ਈਡੀ) ਨੇ ਵੀ ਉਸ ਖ਼ਿਲਾਫ਼ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
ਦੋਸ਼ਾਂ ਤੋਂ ਬਰੀ ਕਰਨ ਦੀ ਅਰਜ਼ੀ ਪਹਿਲਾਂ ਹੀ ਹੋ ਚੁੱਕੀ ਹੈ ਖ਼ਾਰਜ
ਇਸ ਮਾਮਲੇ ਵਿੱਚ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੇ ਸੀਬੀਆਈ ਅਦਾਲਤ ਵਿੱਚ ਦੋਸ਼ਾਂ ਤੋਂ ਬਰੀ ਕੀਤੇ ਜਾਣ ਲਈ ਅਰਜ਼ੀ ਦਾਇਰ ਕੀਤੀ ਸੀ। ਦੋਵਾਂ ਵੱਲੋਂ ਸੀਬੀਆਈ ਦੀ ਕਾਰਵਾਈ ਅਤੇ ਉਸ ਦੇ ਅਧਿਕਾਰ ਖੇਤਰ ’ਤੇ ਸਵਾਲ ਉਠਾਏ ਗਏ ਸਨ। ਹਾਲਾਂਕਿ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡਿਸਚਾਰਜ ਅਰਜ਼ੀ ਰੱਦ ਕਰ ਦਿੱਤੀ ਸੀ। ਦੋਵੇਂ ਮੁਲਜ਼ਮ ਇਸ ਵੇਲੇ ਜੇਲ੍ਹ ਵਿੱਚ ਹਨ। ਭੁੱਲਰ ਨੂੰ ਜ਼ਮਾਨਤ ਲਈ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ।