ਰਿਸ਼ਵਤ ਮਾਮਲਾ : ਮੁਅੱਤਲ DIG ਭੁੱਲਰ ਖ਼ਿਲਾਫ਼ ਗਵਾਹੀ ਦੌਰਾਨ ਸ਼ਿਕਾਇਤਕਰਤਾ ਦੀ ਸਿਹਤ ਵਿਗੜੀ, ਅਦਾਲਤ ਨੇ ਅਗਲੀ ਤਾਰੀਖ਼ ਕੀਤੀ ਤੈਅ
ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਗਵਾਹੀ ’ਤੇ ਬਚਾਅ ਪੱਖ ਵੱਲੋਂ ਜਿਰਹ 13 ਅਕਤੂਬਰ ਨੂੰ ਮੁੜ ਕੀਤੀ ਜਾਵੇਗੀ।
Publish Date: Tue, 13 Oct 2026 10:15 AM (IST)
Updated Date: Tue, 13 Oct 2026 10:21 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਗਵਾਹੀ ’ਤੇ ਬਚਾਅ ਪੱਖ ਵੱਲੋਂ ਜਿਰਹ 13 ਅਕਤੂਬਰ ਨੂੰ ਮੁੜ ਕੀਤੀ ਜਾਵੇਗੀ। ਸੋਮਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਮੁਲਜ਼ਮਾਂ ਦੇ ਵਕੀਲਾਂ ਨੇ ਸ਼ਿਕਾਇਤਕਰਤਾ ਤੋਂ ਸਵਾਲ-ਜਵਾਬ ਕੀਤੇ ਪਰ ਉਸ ਦੀ ਤਬੀਅਤ ਵਿਗੜਨ ਕਾਰਨ ਜਿਰਹ ਪੂਰੀ ਨਹੀਂ ਹੋ ਸਕੀ। ਅਦਾਲਤ ਨੇ ਗਵਾਹ ਨੂੰ ਅਗਲੀ ਜਿਰਹ ਲਈ 13 ਅਕਤੂਬਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਸੋਮਵਾਰ ਨੂੰ ਸ਼ਿਕਾਇਤਕਰਤਾ ਨੂੰ ਸਖ਼ਤ ਸੁਰੱਖਿਆ ਹੇਠ ਜਿਰਹ ਲਈ ਅਦਾਲਤ ਵਿੱਚ ਲਿਆਂਦਾ ਗਿਆ ਸੀ। ਕਾਰਵਾਈ ਦੌਰਾਨ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਬੁਖ਼ਾਰ, ਸਰੀਰ ਵਿੱਚ ਦਰਦ ਅਤੇ ਪਸੀਨਾ ਆਉਣ ਦੀ ਸ਼ਿਕਾਇਤ ਹੋਈ, ਜਿਸ ਕਾਰਨ ਅਦਾਲਤੀ ਕਾਰਵਾਈ ਵਿਚਾਲੇ ਹੀ ਰੋਕਣੀ ਪਈ ਅਤੇ ਅੱਗੇ ਦੀ ਜਿਰਹ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੂੰ ਦੋਵਾਂ ਮੁਲਜ਼ਮਾਂ ਨਾਲ ਅਦਾਲਤ ਵਿੱਚ ਗੱਲਬਾਤ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ।
ਦੂਜੇ ਪਾਸੇ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਡੀ.ਆਈ.ਜੀ. ਭੁੱਲਰ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਏਜੰਸੀ ਨੂੰ ਪੰਜਾਬ ਵਿੱਚ ਉਸ ਦੀ ਕਰੀਬ 129 ਏਕੜ ਜ਼ਮੀਨ ਹੋਣ ਬਾਰੇ ਜਾਣਕਾਰੀ ਮਿਲੀ ਹੈ। ਜਾਂਚ ਦੌਰਾਨ ਜਾਇਦਾਦਾਂ, ਆਮਦਨ ਦੇ ਸਰੋਤਾਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਭੁੱਲਰ ਦਾ ਅਦਾਲਤ ਤੋਂ ਅੱਠ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਏਜੰਸੀ ਵੱਲੋਂ ਉਸ ਦੀਆਂ ਜਾਇਦਾਦਾਂ ਅਤੇ ਕਥਿਤ ਤੌਰ ’ਤੇ ਮਨੀ ਲਾਂਡਰਿੰਗ ਰਾਹੀਂ ਇਕੱਠੀ ਕੀਤੀ ਗਈ ਜਾਇਦਾਦ ਨਾਲ ਜੁੜੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਰਿਸ਼ਵਤ ਮਾਮਲੇ ਵਿੱਚ ਅਦਾਲਤੀ ਕਾਰਵਾਈ ਜਾਰੀ ਹੈ, ਜਦਕਿ ਈਡੀ ਵੱਲੋਂ ਕਥਿਤ ਮਨੀ ਲਾਂਡਰਿੰਗ ਅਤੇ ਜਾਇਦਾਦਾਂ ਨਾਲ ਸਬੰਧਤ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ।