ਰੇਲਵੇ ਅੰਡਰਪਾਥ ਦੇ ਦੋਵੇਂ ਓਵਰਹੈੱਡ ਬੈਰੀਕੇਡ ਟੁੱਟੇ, ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੰਡਰਾ ਰਿਹਾ ਵੱਡੇ ਹਾਦਸੇ ਦਾ ਖ਼ਤਰਾ ਰੇਲਵੇ ਅੰਡਰਪਾਥ ਦੇ ਦੋਵੇਂ ਓਵਰਹੈੱਡ ਬੈਰੀਕੇਡ ਟੁੱਟੇ,
Publish Date: Mon, 05 Oct 2026 07:39 PM (IST)
Updated Date: Mon, 05 Oct 2026 07:41 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਮੁਬਾਰਕਪੁਰ ਰੇਲਵੇ ਅੰਡਰਪਾਥ ਤੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਲਗਾਏ ਗਏ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੇ ਹਨ। ਮੁਬਾਰਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਮੁਬਾਰਕਪੁਰ ਵਾਲੇ ਪਾਸੇ ਲਗਾਇਆ ਗਿਆ ਦੂਜਾ ਓਵਰਹੈੱਡ ਬੈਰੀਕੇਡ ਵੀ ਇਕ ਅਣਪਛਾਤੇ ਟਰਾਲੇ ਦੀ ਟੱਕਰ ਲੱਗਣ ਕਾਰਨ ਬੁਰੇ ਤਰੀਕੇ ਨਾਲ ਟੁੱਟ ਗਿਆ ਹੈ। ਇਸ ਕਾਰਨ ਇਲਾਕੇ ਵਿਚ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਮਹਿਜ਼ ਦੋ ਦਿਨ ਪਹਿਲਾਂ ਹੀ ਅੰਡਰਪਾਥ ਦੇ ਮੁਬਾਰਕਪੁਰ ਕੈਂਪ ਵਾਲੇ ਪਾਸੇ ਲੱਗਿਆ ਓਵਰਹੈੱਡ ਬੈਰੀਕੇਡ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਾਹਨ ਦੀ ਟੱਕਰ ਨਾਲ ਟੁੱਟ ਗਿਆ ਸੀ। ਹੁਣ ਦੋਵੇਂ ਪਾਸਿਆਂ ਦੇ ਬੈਰੀਕੇਡ ਨੁਕਸਾਨੇ ਜਾਣ ਕਾਰਨ ਸਥਿਤੀ ਬੇਹੱਦ ਗੰਭੀਰ ਬਣ ਚੁੱਕੀ ਹੈ। ਇੰਨਾ ਸਭ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੇਲਵੇ ਅੰਡਰਪਾਥ ਦਾ ਨਵੀਨੀਕਰਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ, ਤਾਂ ਜੋ ਆਮ ਜਨਤਾ ਨੂੰ ਆਵਾਜਾਈ ’ਚ ਕੋਈ ਪਰੇਸ਼ਾਨੀ ਨਾ ਆਵੇ। ਅੰਡਰਪਾਥ ਦੀ ਸੁਰੱਖਿਆ ਅਤੇ ਢਾਂਚੇ ਨੂੰ ਬਚਾਉਣ ਲਈ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਵੱਲੋਂ ਸਥਾਨਕ ਪੁਲਿਸ ਨੂੰ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਸਨ ਕਿ ਅੰਡਰਪਾਥ ਵਿਚੋਂ ਵੱਡੇ ਵਾਹਨਾਂ ਦੇ ਲੰਘਣ ਤੇ ਪੂਰਨ ਪਾਬੰਦੀ ਲਗਾਈ ਜਾਵੇ ਪ੍ਰੰਤੂ, ਸਥਾਨਕ ਪੁਲਿਸ ਦੁਆਰਾ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕੇ ਜਾਣ ਅਤੇ ਮੁਲਾਜ਼ਮਾਂ ਦੀ ਤੈਨਾਤੀ ਨਾ ਹੋਣ ਕਾਰਨ ਭਾਰੀ ਵਾਹਨ ਬੇਰੋਕ-ਟੋਕ ਲੰਘਦੇ ਰਹੇ, ਜਿਸ ਦਾ ਨਤੀਜਾ ਅੱਜ ਦੂਜੇ ਬੈਰੀਕੇਡ ਦੇ ਟੁੱਟਣ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਲਾਕਾ ਨਿਵਾਸੀਆਂ ਅਤੇ ਵਾਹਨ ਚਾਲਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੁਰੰਤ ਹਰਕਤ ਵਿਚ ਆਵੇ ਅਤੇ ਨੁਕਸਾਨੇ ਗਏ ਬੈਰੀਕੇਡਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ ਹੀ ਅੰਡਰਪਾਥ ਦੇ ਬਾਹਰ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਪੁਲਿਸ ਤੈਨਾਤ ਕੀਤੀ ਜਾਵੇ ਤਾਂ ਜੋ ਭਾਰੀ ਵਾਹਨਾਂ ਦੇ ਪ੍ਰਵੇਸ਼ ਨੂੰ ਮੁਕੰਮਲ ਰੂਪ ਵਿਚ ਰੋਕਿਆ ਜਾ ਸਕੇ।