ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਭਰਾ ਵਾਲ-ਵਾਲ ਬਚੇ
ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਭਰਾ ਵਾਲ-ਵਾਲ ਬਚੇ
Publish Date: Thu, 10 Sep 2026 10:04 PM (IST)
Updated Date: Thu, 10 Sep 2026 10:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਖਰੜ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਇਕ ਮੰਦਰ ਨੇੜੇ ਬੀਤੀ ਰਾਤ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਇਕ ਕਾਰ ਅਚਾਨਕ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਘਟਨਾ ਕਰੀਬ ਰਾਤ ਤਿੰਨ ਵਜੇ ਦੀ ਦੱਸੀ ਜਾ ਰਹੀ ਹੈ। ਕੁਝ ਹੀ ਪਲਾਂ ਵਿਚ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਾਰ ਪੂਰੀ ਤਰ੍ਹਾਂ ਸੜ ਗਈ। ਕਾਰ ਮਾਲਕ ਗੈਰੀ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਨਾਲ ਸਬੰਧਤ ਹੈ ਅਤੇ ਖਰੜ ਵਿਚ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਘਟਨਾ ਸਮੇਂ ਉਸ ਦਾ ਭਰਾ ਹਰਨੇਕ ਸਿੰਘ ਵੀ ਕਾਰ ਵਿਚ ਮੌਜੂਦ ਸੀ। ਕਾਰ ’ਚ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਦੋਵੇਂ ਭਰਾ ਤੁਰੰਤ ਬਾਹਰ ਨਿਕਲ ਆਏ, ਜਿਸ ਕਾਰਨ ਵੱਡਾ ਜਾਨੀ ਹਾਦਸਾ ਟਲ ਗਿਆ। ਗੈਰੀ ਮੁਤਾਬਕ, ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੱਡੀ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਮਿਲਿਆ। ਕਾਰ ਨੂੰ ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ, ਇਸ ਬਾਰੇ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣਾ ਰਾਹਤ ਦੀ ਗੱਲ ਰਹੀ।