ਘੱਗਰ ਦਰਿਆ 'ਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ ਮੁਬਾਰਕਪੁਰ ਨੇੜੇ ਪੈਂਦੇ ਘੱਗਰ ਦਰਿਆ 'ਚੋਂ ਇਕ ਅਣਪਛਾਤੀ ਔਰਤ ਦੀ ਗਲੀ-ਸੜੀ ਹਾਲਤ ਵਿਚ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਬਾਰਕਪੁਰ ਚੌਕੀ ਦੇ ਤਫਤੀਸ਼ੀ ਅਫ਼ਸਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਕ ਰਾਹਗੀਰ ਵੱਲੋਂ ਫੋਨ 'ਤੇ ਇਤਲਾਹ ਦਿੱਤੀ ਗਈ ਸੀ ਕਿ ਘੱਗਰ ਦਰਿਆ ਵਿਚ ਇਕ ਔਰਤ ਦੀ ਲਾਸ਼ ਫਸੀ ਹੋਈ ਹੈ।
Publish Date: Tue, 28 Jul 2026 10:41 AM (IST)
Updated Date: Tue, 28 Jul 2026 10:42 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਨੇੜੇ ਪੈਂਦੇ ਘੱਗਰ ਦਰਿਆ 'ਚੋਂ ਇਕ ਅਣਪਛਾਤੀ ਔਰਤ ਦੀ ਗਲੀ-ਸੜੀ ਹਾਲਤ ਵਿਚ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਬਾਰਕਪੁਰ ਚੌਕੀ ਦੇ ਤਫਤੀਸ਼ੀ ਅਫ਼ਸਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਕ ਰਾਹਗੀਰ ਵੱਲੋਂ ਫੋਨ 'ਤੇ ਇਤਲਾਹ ਦਿੱਤੀ ਗਈ ਸੀ ਕਿ ਘੱਗਰ ਦਰਿਆ ਵਿਚ ਇਕ ਔਰਤ ਦੀ ਲਾਸ਼ ਫਸੀ ਹੋਈ ਹੈ।
ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੁਬਾਰਕਪੁਰ ਕਾਜਵੇਅ ਵਾਲੇ ਉਪਰਲੇ ਪਾਸੇ, ਦਰਿਆ ਦੇ ਅੰਦਰ ਲਗਭਗ ਅੱਧਾ ਕਿਲੋਮੀਟਰ ਪਿੱਛੇ ਪਾਣੀ ਵਿਚ ਅਟਕੀ ਹੋਈ ਲਾਸ਼ ਨੂੰ ਬਾਹਰ ਕੱਢਿਆ। ਮੁੱਢਲੀ ਜਾਂਚ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਲਾਸ਼ ਪਾਣੀ ਦੇ ਤੇਜ਼ ਵਹਾਅ ਨਾਲ ਪਿੱਛੋਂ ਰੁੜ੍ਹ ਕੇ ਆਈ ਹੈ।
ਤਫਤੀਸ਼ੀ ਅਫ਼ਸਰ ਅਨੁਸਾਰ ਮ੍ਰਿਤਕ ਔਰਤ ਦੀ ਉਮਰ ਲਗਭਗ 30 ਤੋਂ 35 ਸਾਲ ਦੇ ਦਰਮਿਆਨ ਜਾਪਦੀ ਹੈ। ਲਾਸ਼ ਕਈ ਦਿਨ ਪੁਰਾਣੀ ਹੋਣ ਕਰਕੇ ਕਾਫ਼ੀ ਗਲ਼ ਚੁੱਕੀ ਹੈ ਅਤੇ ਫੁੱਲੀ ਹੋਈ ਹਾਲਤ ਵਿਚ ਹੈ। ਪਾਣੀ ਦੇ ਬਹਾਅ ਕਾਰਨ ਔਰਤ ਦੇ ਕੱਪੜੇ ਵੀ ਫਟ ਚੁੱਕੇ ਹਨ ਅਤੇ ਸਰੀਰ 'ਤੇ ਅਜਿਹਾ ਕੋਈ ਖ਼ਾਸ ਨਿਸ਼ਾਨ ਨਹੀਂ ਮਿਲਿਆ, ਜਿਸ ਤੋਂ ਉਸ ਦੀ ਤੁਰੰਤ ਪਛਾਣ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੀ ਵਜੋਂ ਪਛਾਣ (ਸ਼ਨਾਖ਼ਤ) ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ਅਤੇ ਥਾਣਿਆਂ ਵਿਚ ਇਸ ਸਬੰਧੀ ਸੂਚਨਾ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।