ਕੂੜੇ ਦੇ ਢੇਰ 'ਚੋਂ ਮਿਲੀ ਨਵ-ਜਨਮੇ ਬੱਚੇ ਦੀ ਲਾਸ਼, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੂੜੇ ਦੇ ਢੇਰ 'ਚੋਂ ਮਿਲੀ ਨਵ-ਜਨਮੇ ਬੱਚੇ ਦੀ ਲਾਸ਼, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
Publish Date: Mon, 05 Oct 2026 08:07 PM (IST)
Updated Date: Mon, 05 Oct 2026 08:08 PM (IST)
- ਪੁਲਿਸ ਵੱਲੋਂ ਸੀਸੀਟੀਵੀ ਦੀ ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਨਗਲਾ ਰੋਡ ਤੇ ਸਥਿਤ ਮਾਇਆ ਗਾਰਡਨ ਸਿਟੀ ਸੁਸਾਇਟੀ ਵਿਚ ਸੋਮਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕੂੜੇ ਦੇ ਢੇਰ ਵਿਚੋਂ ਇਕ ਵਿਕਸਿਤ ਭਰੂਣ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਭਰੂਣ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਆਰਡਬਲਯੂਏ ਦੇ ਮੈਂਬਰ ਰੋਜ਼ਾਨਾ ਵਾਂਗ ਸੁਸਾਇਟੀ ਵਿਚ ਸੈਰ ਕਰ ਰਹੇ ਸਨ। ਟਾਵਰ ਡੀ-8 ਦੇ ਨੇੜੇ ਪਹੁੰਚਣ ਤੇ ਉਨ੍ਹਾਂ ਨੂੰ ਕੂੜੇ ਦੇ ਢੇਰ ਚੋਂ ਕਾਫ਼ੀ ਭੈੜੀ ਬਦਬੂ ਆਈ। ਉਨ੍ਹਾਂ ਤੁਰੰਤ ਆਰਡਬਲਯੂਏ ਡਾਇਰੈਕਟਰ ਰਵਿੰਦਰ ਪੁਰੀ ਨੂੰ ਸੂਚਿਤ ਕੀਤਾ ਅਤੇ ਸਫ਼ਾਈ ਕਰਮਚਾਰੀਆਂ ਨੂੰ ਬੁਲਾ ਕੇ ਕੂੜਾ ਹਟਵਾਇਆ ਗਿਆ, ਜਿਵੇਂ ਹੀ ਕੂੜਾ ਚੁੱਕਿਆ ਗਿਆ ਤਾਂ ਹੇਠਾਂ ਭਰੂਣ ਪਿਆ ਮਿਲਿਆ, ਜਿਸ ਨੂੰ ਵੇਖਦੇ ਹੀ ਸੁਸਾਇਟੀ ਨਿਵਾਸੀਆਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਮੈਂਬਰਾਂ ਮੁਤਾਬਕ ਬਦਬੂ ਤੋਂ ਲੱਗਦਾ ਹੈ ਕਿ ਭਰੂਣ ਇਕ-ਦੋ ਦਿਨ ਪੁਰਾਣਾ ਹੈ, ਪਰ ਸਹੀ ਸਥਿਤੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਅਧਿਕਾਰੀ ਏਐੱਸਆਈ ਲਾਭ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਤੇ ਸੁਸਾਇਟੀ ਦੀ ਆਰਡਬਲਯੂਏ ਆਪਣੇ-ਆਪਣੇ ਪੱਧਰ ਤੇ ਸੁਸਾਇਟੀ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ, ਤਾਂ ਜੋ ਭਰੂਣ ਸੁੱਟਣ ਵਾਲੇ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। --