- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰਮੁਛੱਲਾ ਦੇ ਨੇਚਰ ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼, ਸਿਰ ਧੜ ਨਾਲੋਂ ਵੱਖ

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਢਕੌਲੀ ਖੇਤਰ ਦੇ ਅਧੀਨ ਆਉਂਦੇ ਪੀਰਮੁਛੱਲਾ ਦੇ ਨੇਚਰ ਪਾਰਕ ਵਿਚ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਨੌਜਵਾਨ ਦੀ ਧੜ ਨਾਲੋਂ ਵੱਖ ਹੋਈ ਸਿਰ ਕੱਟੀ ਲਾਸ਼ ਮਿਲੀ। ਇਸ ਖ਼ੌਫ਼ਨਾਕ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਫੋਰੈਂਸਿਕ ਟੀਮ ਵੱਲੋਂ ਖ਼ੂਨ ਦੇ ਨਮੂਨੇ ਤੇ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ।
ਹੱਥ 'ਤੇ ਲਿਖੇ ਨਾਂ ਤੋਂ ਹੋਈ ਮ੍ਰਿਤਕ ਦੀ ਸ਼ਨਾਖ਼ਤ :
ਸ਼ੁਰੂਆਤ ਵਿਚ ਪੁਲਿਸ ਇਸ ਲਾਸ਼ ਨੂੰ ਅਣਪਛਾਤੀ ਮੰਨ ਕੇ ਜਾਂਚ ਕਰ ਰਹੀ ਸੀ। ਮ੍ਰਿਤਕ ਦੇ ਇਕ ਹੱਥ 'ਤੇ ਅੰਗਰੇਜ਼ੀ ਦਾ ਅੱਖਰ 'ਵੀ' ਅਤੇ ਦੂਜੇ ਹੱਥ 'ਤੇ ਹਿੰਦੀ 'ਚ 'ਵਿਸ਼ਾਲ' ਲਿਖਿਆ ਹੋਇਆ ਸੀ। ਤਕਨੀਕੀ ਅਤੇ ਮਨੁੱਖੀ ਸਾਧਨਾਂ ਦੀ ਵਰਤੋਂ ਕਰਦਿਆਂ ਪੁਲਿਸ ਨੇ ਮ੍ਰਿਤਕ ਦੀ ਮਾਂ ਰਾਮ ਰਾਣੀ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖ਼ਤ ਕਰਵਾਈ। ਮ੍ਰਿਤਕ ਦੀ ਪਛਾਣ 22 ਸਾਲਾ ਵਿਸ਼ਾਲ ਵਜੋਂ ਹੋਈ ਹੈ, ਜੋ ਪੀਰਮੁਛੱਲਾ ਦੇ ਸ਼ਿਵ ਨਗਰ ਵਿਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਅਤੇ ਮਜ਼ਦੂਰੀ ਦਾ ਕੰਮ ਕਰਦਾ ਸੀ।
ਪਤਨੀ ਤੇ 10 ਮਹੀਨੇ ਦਾ ਬੱਚਾ 2 ਦਿਨਾਂ ਤੋਂ ਲਾਪਤਾ :
ਮ੍ਰਿਤਕ ਦੀ ਮਾਂ ਰਾਮ ਰਾਣੀ ਪਤਨੀ ਨਰਿੰਦਰ ਕੁਮਾਰ (ਵਾਸੀ ਉੱਤਰ ਪ੍ਰਦੇਸ਼, ਹਾਲ ਵਾਸੀ ਸ਼ਿਵ ਨਗਰ ਪੀਰਮੁਛੱਲਾ) ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 6 ਅਕਤੂਬਰ ਦੀ ਸ਼ਾਮ ਕਰੀਬ 6:30 ਵਜੇ ਵਿਸ਼ਾਲ ਦੀ ਪਤਨੀ ਰੌਲੀ ਆਪਣੇ 10 ਮਹੀਨੇ ਦੇ ਬੱਚੇ ਪ੍ਰਿੰਸ ਸਮੇਤ ਮਾਰਕੀਟ ਵਿਚ ਦੁੱਧ ਦਾ ਡੱਬਾ ਲੈਣ ਗਈ ਸੀ, ਪਰ ਵਾਪਸ ਨਹੀਂ ਪਰਤੀ। 7 ਅਕਤੂਬਰ ਨੂੰ ਵੀ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ। ਸ਼ਾਮ 7 ਵਜੇ ਵਿਸ਼ਾਲ ਮੁੜ ਆਪਣੀ ਪਤਨੀ ਤੇ ਬੱਚੇ ਦੀ ਭਾਲ ਵਿਚ ਨਿਕਲਿਆ ਸੀ, ਪਰ ਉਹ ਵੀ ਰਾਤ ਭਰ ਘਰ ਨਹੀਂ ਪਰਤਿਆ। ਵੀਰਵਾਰ ਸਵੇਰੇ ਨੇਚਰ ਪਾਰਕ 'ਚੋਂ ਵਿਸ਼ਾਲ ਦੀ ਸਿਰ ਕੱਟੀ ਲਾਸ਼ ਬਰਾਮਦ ਹੋਈ।
ਪੁਲਿਸ ਵੱਲੋਂ ਜਾਂਚ ਜਾਰੀ :
ਘਟਨਾ ਸਥਾਨ ਤੋਂ ਇਕ ਸ਼ਰਾਬ ਦਾ ਪਊਆ ਵੀ ਬਰਾਮਦ ਹੋਇਆ ਹੈ। ਥਾਣਾ ਮੁੱਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਂ ਰਾਮ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਥਾਣਾ ਮੁੱਖੀ ਨੇ ਦਾਅਵਾ ਕੀਤਾ ਕਿ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਲਾਪਤਾ ਔਰਤ ਤੇ ਬੱਚੇ ਦੀ ਭਾਲ ਵੀ ਕੀਤੀ ਜਾ ਰਹੀ ਹੈ।