ਪੁਲਿਸ ਹੈੱਡਕੁਆਰਟਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਮਿਲੀ ਲਾਸ਼ ਪੁਲਿਸ ਹੈੱਡਕੁਆਰਟਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਮਿਲੀ ਲਾਸ਼,
Publish Date: Fri, 13 Nov 2026 10:16 PM (IST)
Updated Date: Fri, 13 Nov 2026 10:18 PM (IST)
-ਹੱਥ ’ਤੇ ਬਣੇ ਟੈਟੂ ਤੋਂ ਪਛਾਣ ਕਰਨ ਦੀ ਕੋਸ਼ਿਸ਼; ਪੁਲਿਸ ਵੱਲੋਂ ਜਾਂਚ ਸ਼ੁਰੂ ਅਮਰਜੀਤ ਸਿੰਘ, ਪੰਜਾਬੀ ਜਾਗਰਣ ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-9 ’ਚ ਸਥਿਤ ਪੁਲਿਸ ਹੈੱਡਕੁਆਰਟਰ ਅਤੇ ਪ੍ਰਸ਼ਾਸਕ ਦੇ ਦਫ਼ਤਰ ਦੇ ਨਜ਼ਦੀਕ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਔਰਤ ਦਾ ਕਤਲ ਕੀਤੇ ਜਾਣ ਦਾ ਸ਼ੱਕ ਹੈ। ਉਸ ਦਾ ਸਿਰ ਪੱਥਰ ਨਾਲ ਕੁਚਲਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਥਾਂ ’ਤੇ ਇਹ ਘਟਨਾ ਵਾਪਰੀ, ਉਹ ਪੁਲਿਸ ਦੇ ਬੀਟ ਬਾਕਸ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਹੈ, ਜਦਕਿ ਨੇੜੇ ਹੀ ਕਈ ਅਹਿਮ ਸਰਕਾਰੀ ਦਫ਼ਤਰ ਅਤੇ ਪੁਲਿਸ ਦੇ ਮੁੱਖ ਦਫ਼ਤਰ ਸਥਿਤ ਹਨ। ਜਾਣਕਾਰੀ ਅਨੁਸਾਰ ਇਹ ਵਾਰਦਾਤ ਵੀਰਵਾਰ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ ਇਕ ਰਾਹਗੀਰ ਨੇ ਔਰਤ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਅਤੇ ਫੋਰੈਂਸਿਕ ਮਾਹਰ ਮੌਕੇ ’ਤੇ ਪਹੁੰਚੇ। ਟੀਮ ਵੱਲੋਂ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਸਬੂਤ ਇਕੱਠੇ ਕੀਤੇ ਗਏ। ਹਾਈ ਸਕਿਓਰਿਟੀ ਜ਼ੋਨ ’ਚ ਵਾਰਦਾਤ ਨੇ ਖੜ੍ਹੇ ਕੀਤੇ ਸਵਾਲ : ਘਟਨਾ ਵਾਲੀ ਥਾਂ ਦੇ ਨੇੜੇ ਪੁਲਿਸ ਦਾ ਬੀਟ ਬਾਕਸ ਮੌਜੂਦ ਹੈ। ਇਸ ਤੋਂ ਇਲਾਵਾ ਕਰੀਬ 100 ਮੀਟਰ ਦੇ ਘੇਰੇ ’ਚ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ, ਪੰਜਾਬ ਪੁਲਿਸ ਹੈੱਡਕੁਆਰਟਰ ਅਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਦਫ਼ਤਰ ਵੀ ਸਥਿਤ ਹੈ। ਅਜਿਹੇ ਸੁਰੱਖਿਆ ਪ੍ਰਬੰਧਾਂ ਵਾਲੇ ਇਲਾਕੇ ’ਚ ਔਰਤ ਦੀ ਹੱਤਿਆ ਦੀ ਘਟਨਾ ਸਾਹਮਣੇ ਆਉਣ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਉੱਠ ਰਹੇ ਹਨ। ਟੈਟੂ ਤੋਂ ਪਛਾਣ ਕਰਨ ਦੀ ਕੋਸ਼ਿਸ਼ : ਮ੍ਰਿਤਕ ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਉਸ ਦੇ ਹੱਥ ’ਤੇ ‘ਸ਼ਿਖਾ ਯੂਪੀ’ ਲਿਖਿਆ ਟੈਟੂ ਬਣਿਆ ਹੋਇਆ ਹੈ। ਪੁਲਿਸ ਇਸ ਨੂੰ ਅਹਿਮ ਸੁਰਾਗ ਮੰਨਦਿਆਂ ਔਰਤ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ’ਚ ਦਰਜ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਸੀਸੀਟੀਵੀ ਫੁਟੇਜ ਅਤੇ ਮੋਬਾਈਲ ਡੰਪ ਡੇਟਾ ਦੀ ਜਾਂਚ : ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਔਰਤ ਉੱਥੇ ਕਦੋਂ ਪਹੁੰਚੀ ਅਤੇ ਘਟਨਾ ਸਮੇਂ ਇਲਾਕੇ ’ਚ ਕੌਣ ਮੌਜੂਦ ਸੀ। ਇਸ ਤੋਂ ਇਲਾਵਾ ਪੁਲਿਸ ਨੇ ਘਟਨਾ ਸਥਾਨ ਦਾ ਮੋਬਾਈਲ ਡੰਪ ਡੇਟਾ ਵੀ ਇਕੱਠਾ ਕੀਤਾ ਹੈ। ਪੁਲਿਸ ਵੱਲੋਂ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦਿਆਂ ਜਾਂਚ ਅੱਗੇ ਵਧਾਈ ਜਾ ਰਹੀ ਹੈ।