ਪੰਜਾਬ ਭਾਜਪਾ ਦਫ਼ਤਰ ’ਤੇ ਗ੍ਰਨੇਡ ਹਮਲੇ ਦੇ ਵਿਰੋਧ ’ਚ ਭਾਜਪਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ
ਪੰਜਾਬ ਭਾਜਪਾ ਦਫ਼ਤਰ ’ਤੇ ਗ੍ਰਨੇਡ ਹਮਲੇ ਦੇ ਵਿਰੋਧ ’ਚ ਭਾਜਪਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Thu, 02 Apr 2026 06:18 PM (IST)
Updated Date: Thu, 02 Apr 2026 06:22 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ’ਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਕੀਤੇ ਗਏ ਗ੍ਰਨੇਡ ਹਮਲੇ ਦੇ ਵਿਰੋਧ ਵਿਚ ਵੀਰਵਾਰ ਨੂੰ ਮੁਹਾਲੀ ਜ਼ਿਲ੍ਹਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਸਥਾਨਕ ਫੇਜ਼ 3-5 ਟ੍ਰੈਫਿਕ ਲਾਈਟ ਪੁਆਇੰਟ ’ਤੇ ਇਕੱਠੇ ਹੋਏ ਅਤੇ ਰੋਸ ਮਾਰਚ ਕੀਤਾ।
ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ, ਰਣਜੀਤ ਸਿੰਘ ਗਿੱਲ, ਸੰਜੀਵ ਖੰਨਾ, ਗੁਰਦਰਸ਼ਨ ਸਿੰਘ ਸੈਣੀ, ਮੰਡਲ ਪ੍ਰਧਾਨ ਰਮਨ ਸ਼ੈਲੀ, ਸੇਖ਼ਰ ਚੰਦਰ, ਹਰਦੀਪ ਸਿੰਘ ਖ਼ਾਲਸਾ, ਯੁਵਾ ਮੋਰਚਾ ਦੇ ਪ੍ਰਧਾਨ ਤਾਹਿਲ ਸ਼ਰਮਾ, ਐੱਸਐੱਮਐੱਸ ਸੰਧੂ, ਸਮੇਤ ਹੋਰਨਾਂ ਆਗੂਆਂ ਨੇ ਗ੍ਰਨੇਡ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਲਈ ਵੱਡਾ ਖ਼ਤਰਾ ਹਨ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ ਤਾਂ ਭਾਜਪਾ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।