‘ਸੇਵਾ ਸੰਕਲਪ ਯਾਤਰਾ’ ਦੌਰਾਨ ਭਾਜਪਾ ਵਰਕਰਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ ਭਾਜਪਾ ਵਰਕਰਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
Publish Date: Wed, 07 Oct 2026 07:15 PM (IST)
Updated Date: Wed, 07 Oct 2026 07:17 PM (IST)
ਬਿਨਾਂ ਹੈਲਮਟ ਤੋਂ 3-3 ਵਰਕਰ ਸੀ ਇਕ ਬਾਈਕ ’ਤੇ ਸਵਾਰ, ਮੂਕ ਦਰਸ਼ਕ ਬਣੇ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਜਪਾ ਵੱਲੋਂ ਬੁੱਧਵਾਰ ਨੂੰ ਮੁਹਾਲੀ ਦੇ ਸੈਕਟਰ-86 ਤੋਂ ‘ਸੇਵਾ ਸੰਕਲਪ ਯਾਤਰਾ’ ਕੱਢੀ ਗਈ। ਇਸ ਮੌਕੇ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਬਣਾ ਕੇ ਮੋਢਿਆਂ ਉੱਤੇ ਚੁੱਕਿਆ ਅਤੇ ਬਾਅਦ ’ਚ ਅੱਗ ਲਗਾ ਕੇ ਸਾੜਿਆ। ਇਸ ਰੋਸ ਪ੍ਰਦਰਸ਼ਨ ’ਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਹਰਦੇਵ ਸਿੰਘ ਉੱਭਾ, ਅਨੁਜ ਖੋਸਲਾ, ਗੁਰਦਰਸ਼ਨ ਸਿੰਘ ਸੈਣੀ, ਐਨ.ਕੇ ਵਰਮਾ, ਸੰਜੀਵ ਖੰਨਾ, ਕੌਂਸਲਰ ਗੁਰਪ੍ਰੀਤ ਕੌਰ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਦੌਰਾਨ ਭਾਜਪਾ ਵਰਕਰਾਂ ਵੱਲੋਂ ਵਿਸ਼ੇਸ਼ ਮੋਟਰਸਾਈਕਲ ਰੈਲੀ ਕੱਢੀ ਗਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਗਿਆ। ਰੈਲੀ ਦੌਰਾਨ ਭਾਜਪਾ ਵਰਕਰਾਂ ਵੱਲੋਂ ਸ਼ਰੇਆਮ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਮੋਟਰਸਾਈਕਲ ਰੈਲੀ ’ਚ ਸ਼ਾਮਲ ਜ਼ਿਆਦਾਤਰ ਨੌਜਵਾਨਾਂ ਅਤੇ ਵਰਕਰਾਂ ਨੇ ਆਪਣੇ ਸਿਰ ’ਤੇ ਹੈਲਮਟ ਨਹੀਂ ਪਾਏ ਹੋਏ ਸਨ। ਕਈ ਨਾਬਾਲਗ ਬੱਚੇ ਵੀ ਮੋਟਰਸਾਈਕਲ ਚਲਾਉਂਦੇ ਦੇਖੇ ਗਏ। ਇਸ ਤੋਂ ਇਲਾਵਾ ਇਕ ਹੀ ਮੋਟਰਸਾਈਕਲ ਉੱਤੇ ਤਿੰਨ-ਤਿੰਨ ਵਰਕਰ ਸਵਾਰ ਸਨ। ਰੈਲੀ ਕਾਰਨ ਸੈਕਟਰ-86 ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਟ੍ਰੈਫਿਕ ਵਿਵਸਥਾ ਕਾਫ਼ੀ ਪ੍ਰਭਾਵਿਤ ਹੋਈ, ਜਿਸ ਕਾਰਨ ਲੰਘਣ ਵਾਲੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਅਤੇ ਵਿਕਾਸ ਕਾਰਜਾਂ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਰੈਲੀ ਦੌਰਾਨ ਨਿਯਮਾਂ ਦੀ ਹੋਈ ਉਲੰਘਣਾ ’ਤੇ ਚਿੰਤਾ ਪ੍ਰਗਟਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਕ ਪ੍ਰਦਰਸ਼ਨਾਂ ਦੇ ਨਾਂ ’ਤੇ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗਣਾ ਅਤੇ ਆਮ ਜਨਤਾ ਲਈ ਮੁਸੀਬਤ ਖੜ੍ਹੀ ਕਰਨਾ ਬਿਲਕੁਲ ਗਲਤ ਹੈ। ਮੁਹਾਲੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਚ ਕੋਈ ਸਖ਼ਤੀ ਨਹੀਂ ਦਿਖਾਈ ਗਈ, ਸਗੋਂ ਪੁਲਿਸ ਕਰਮਚਾਰੀ ਮੂਕ ਦਰਸ਼ਕ ਬਣੇ ਰਹੇ ਜਿਸ ਨੂੰ ਲੈ ਕੇ ਸਥਾਨਕ ਲੋਕਾਂ ’ਚ ਰੋਸ ਹੈ।