ਮਨਪ੍ਰੀਤ ਬਾਦਲ ਦੇ ਬੇਦਾਗ਼ ਅਕਸ 'ਤੇ ਭਾਜਪਾ ਦਾ ਦਾਅ, ਕਿਹੜੇ ਵੋਟਰਾਂ ਨੂੰ ਸਾਧਣ ਦੀ ਹੋਵੇਗੀ ਕੋਸ਼ਿਸ਼; ਸੰਦੀਪ ਪਾਠਕ ਦੀ ਰਣਨੀਤੀ ਕਿੰਨੀ ਕਾਰਗਰ?
ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾਉਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਜੱਟ ਸਿੱਖ ਚਿਹਰੇ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੰਮੇ ਸਮੇਂ ਤੱਕ ਪੰਜਾਬ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਗੰਭੀਰ ਅਤੇ ਬੇਦਾਗ਼ ਆਗੂ ਵਾਲੀ ਛਵੀ ਭਾਜਪਾ ਲਈ ਲਾਹੇਵੰਦ ਹੋ ਸਕਦੀ ਹੈ। ਉਹ ਸ਼ਹਿਰੀ ਵੋਟਰਾਂ ਵਿੱਚ ਪਾਰਟੀ ਲਈ ਸੰਦੇਸ਼ਵਾਹਕ ਦੀ ਭੂਮਿਕਾ ਨਿਭਾ ਸਕਦੇ ਹਨ। ਇਸ ਦੇ ਨਾਲ ਹੀ ਖੁਦ ਕਿਸਾਨੀ ਨਾਲ ਜੁੜੇ ਹੋਣ ਅਤੇ ਬਾਦਲ ਪਰਿਵਾਰ ਦੀ ਪਿਛੋਕੜ ਕਾਰਨ ਉਹ ਕਿਸਾਨਾਂ ਨਾਲ ਸੰਵਾਦ ਬਣਾਉਣ ਲਈ ਵੀ ਅਹਿਮ ਕੜੀ ਸਾਬਤ ਹੋ ਸਕਦੇ ਹਨ।
Publish Date: Tue, 18 Aug 2026 08:41 AM (IST)
Updated Date: Tue, 18 Aug 2026 08:45 AM (IST)
ਰਮਨਜੀਤ ਸਿੰਘ ਮਣਕੂ, ਜਾਗਰਣ, ਚੰਡੀਗੜ੍ਹ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਸੋਮਵਾਰ ਨੂੰ ਹੋਈ ਘੋਸ਼ਣਾ ਵਿੱਚ ਪੰਜਾਬ ਨੂੰ ਲੈ ਕੇ ਪਾਰਟੀ ਦੀ ਗੰਭੀਰਤਾ ਸਾਫ਼ ਨਜ਼ਰ ਆਈ। ਪੰਜਾਬ ਤੋਂ ਸੀਨੀਅਰ ਭਾਜਪਾ ਆਗੂ ਤਰੁਣ ਚੁਘ ਨੂੰ ਕੌਮੀ ਦਫ਼ਤਰ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਵਿੱਚ ਸ਼ਾਮਲ ਹੋਏ ਡਾ. ਸੰਦੀਪ ਪਾਠਕ ਨੂੰ ਵੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਤੋਂ ਤਿੰਨ ਆਗੂਆਂ ਨੂੰ ਕੌਮੀ ਪੱਧਰ ’ਤੇ ਅਹਿਮ ਜ਼ਿੰਮੇਵਾਰੀਆਂ ਮਿਲਣ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਮਨਪ੍ਰੀਤ ਰਾਹੀਂ ਜੱਟ ਸਿੱਖ ਤੇ ਕਿਸਾਨਾਂ ਨੂੰ ਸਾਧਣ ਦੀ ਕੋਸ਼ਿਸ਼
ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾਉਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਜੱਟ ਸਿੱਖ ਚਿਹਰੇ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੰਮੇ ਸਮੇਂ ਤੱਕ ਪੰਜਾਬ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਗੰਭੀਰ ਅਤੇ ਬੇਦਾਗ਼ ਆਗੂ ਵਾਲੀ ਛਵੀ ਭਾਜਪਾ ਲਈ ਲਾਹੇਵੰਦ ਹੋ ਸਕਦੀ ਹੈ। ਉਹ ਸ਼ਹਿਰੀ ਵੋਟਰਾਂ ਵਿੱਚ ਪਾਰਟੀ ਲਈ ਸੰਦੇਸ਼ਵਾਹਕ ਦੀ ਭੂਮਿਕਾ ਨਿਭਾ ਸਕਦੇ ਹਨ। ਇਸ ਦੇ ਨਾਲ ਹੀ ਖੁਦ ਕਿਸਾਨੀ ਨਾਲ ਜੁੜੇ ਹੋਣ ਅਤੇ ਬਾਦਲ ਪਰਿਵਾਰ ਦੀ ਪਿਛੋਕੜ ਕਾਰਨ ਉਹ ਕਿਸਾਨਾਂ ਨਾਲ ਸੰਵਾਦ ਬਣਾਉਣ ਲਈ ਵੀ ਅਹਿਮ ਕੜੀ ਸਾਬਤ ਹੋ ਸਕਦੇ ਹਨ।
ਮਨਪ੍ਰੀਤ ਦੀ ਨਿਯੁਕਤੀ ਨੂੰ ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਵਿੱਚ ਸ਼ਾਮਲ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਹਾ ਲੈਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਹਾਲਾਂਕਿ ਭਾਜਪਾ ਨੂੰ ਇਸ ਦਾ ਇੱਕ ਪੱਖ ਨੁਕਸਾਨਦਾਇਕ ਵੀ ਹੋ ਸਕਦਾ ਹੈ। ਸਰਕਾਰੀ ਮੁਲਾਜ਼ਮ ਵਰਗ ਵਿੱਚ ਵਿੱਤ ਮੰਤਰੀ ਵਜੋਂ ਉਨ੍ਹਾਂ ਨਾਲ ਜੁੜੀ ‘ਖ਼ਜ਼ਾਨਾ ਖਾਲੀ’ ਵਾਲਾ ਅਕਸ ਅਜੇ ਵੀ ਚਰਚਾ ਵਿੱਚ ਹੈ।
ਜ਼ਮੀਨੀ ਵਰਕਰਾਂ ਨਾਲ ਜੁੜੇ ਚੁਘ ਦੀ ਵਧੀ ਭੂਮਿਕਾ
ਕਰੀਬ ਇੱਕ ਦਹਾਕੇ ਤੋਂ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਹਿੱਸਾ ਰਹੇ ਤਰੁਣ ਚੁਘ ਨੂੰ ਹੁਣ ਕੌਮੀ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਸੰਸਦ ਭੇਜਿਆ ਗਿਆ ਸੀ। ਹੁਣ ਕੌਮੀ ਸੰਗਠਨ ਵਿੱਚ ਜ਼ਿੰਮੇਵਾਰੀ ਵਧਣ ਨਾਲ ਪੰਜਾਬ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਹੋਰ ਅਹਿਮ ਹੋ ਗਈ ਹੈ।
ਤਰੁਣ ਚੁਘ ਦਾ ਪੰਜਾਬ ਦੇ ਜ਼ਮੀਨੀ ਪੱਧਰ ਦੇ ਭਾਜਪਾ ਵਰਕਰਾਂ ਨਾਲ ਲੰਮੇ ਸਮੇਂ ਤੋਂ ਜੁੜਾਅ ਰਿਹਾ ਹੈ। ਪਾਰਟੀ ਦੇ ਵਰਕਰਾਂ ਦਾ ਮੰਨਣਾ ਹੈ ਕਿ ਕੌਮੀ ਪੱਧਰ ’ਤੇ ਉਨ੍ਹਾਂ ਦੀ ਵਧਦੀ ਭੂਮਿਕਾ ਨਾਲ ਪੰਜਾਬ ਦੇ ਵਰਕਰਾਂ ਦਾ ਮਨੋਬਲ ਵਧੇਗਾ ਅਤੇ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ। ਆਗਾਮੀ ਚੋਣਾਂ ਵਿੱਚ ਪਾਰਟੀ ਦੀ ਰਣਨੀਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹਿ ਸਕਦੀ ਹੈ।
‘ਆਪ’ ਦੀ ਜ਼ਮੀਨੀ ਰਣਨੀਤੀ ਦਾ ਭਾਜਪਾ ਲਵੇਗੀ ਲਾਹਾ
‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੂੰ ਵੀ ਪਾਰਟੀ ਵਿੱਚ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਠਕ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨੇੜਲੇ ਅਤੇ ਭਰੋਸੇਮੰਦ ਸਾਥੀਆਂ ਵਿੱਚ ਸ਼ਾਮਲ ਰਹੇ ਹਨ। ਉਹ ਪੰਜਾਬ ਵਿੱਚ ‘ਆਪ’ ਦੇ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਸਨ।
ਪਾਰਟੀ ਹਲਕਿਆਂ ਵਿੱਚ ਚਰਚਾ ਰਹੀ ਹੈ ਕਿ ਪਾਠਕ ਨੇ ਪੰਜਾਬ ਵਿੱਚ ‘ਆਪ’ ਦਾ ਸੰਗਠਨ ਮਜ਼ਬੂਤ ਕਰਨ ਲਈ ਕਾਫ਼ੀ ਮਿਹਨਤ ਕੀਤੀ। ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਵਰਗਾਂ, ਮੁੱਦਿਆਂ ਅਤੇ ਨੀਤੀਆਂ ਨੂੰ ਲੈ ਕੇ ਡਾਟਾ ਆਧਾਰਿਤ ਕੰਮ ਕੀਤਾ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ 92 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਸਫ਼ਲਤਾ ਪਿੱਛੇ ਪਾਠਕ ਦੀ ਜ਼ਮੀਨੀ ਰਣਨੀਤੀ, ਸਹੀ ਸਰਵੇਖਣ ਅਤੇ ਡਾਟਾ ਆਧਾਰਿਤ ਚੋਣ ਪ੍ਰਬੰਧਨ ਨੂੰ ਵੀ ਅਹਿਮ ਮੰਨਿਆ ਗਿਆ।
ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਸੀ। ਹਾਲਾਂਕਿ ਬਾਅਦ ਵਿੱਚ ਪਾਰਟੀ ਅੰਦਰ ਮਤਭੇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਅਤੇ ਅਪ੍ਰੈਲ ਵਿੱਚ ‘ਆਪ’ ਦੇ ਛੇ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਭਾਜਪਾ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਸਿਆਸੀ ਅਤੇ ਸੰਗਠਨਾਤਮਕ ਤਜਰਬੇ ਦਾ ਲਾਹਾ ਲੈਣ ਲਈ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਠਕ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਭਾਜਪਾ ਦੀਆਂ ਨੀਤੀਆਂ ਮੁਤਾਬਕ ਪਾਰਟੀ ਨੂੰ ਪੰਜਾਬ ਵਿੱਚ ਕਿੰਨਾ ਸਿਆਸੀ ਲਾਭ ਦਿਵਾ ਸਕਦੇ ਹਨ।