ਜਿਨਸੀ ਸ਼ੋਸ਼ਣ ਕਰਨ ਵਾਲੇ ਨੂੰ ਬਚਾਅ ਰਹੀ ਹੈ ਕਾਂਗਰਸ : ਜੈ ਇੰਦਰ ਕੌਰ ਜਿਨਸੀ ਸ਼ੋਸ਼ਣ ਕਰਨ ਵਾਲੇ ਨੂੰ ਬਚਾ ਰਹੀ ਹੈ ਕਾਂਗਰਸ': ਜੈ ਇੰਦਰ ਕੌਰ
Publish Date: Sun, 11 Oct 2026 07:37 PM (IST)
Updated Date: Mon, 12 Oct 2026 04:06 AM (IST)
* ਮਹਿਲਾ ਭਾਜਪਾ ਵਰਕਰਾਂ ਨੇ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ * ਮਹਿਲਾ ਮੋਰਚਾ ਦੀਆਂ ਕਾਰਕੁੰਨਾਂ ਦੀ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਝੜਪ ਹੋਈ, ਜੈ ਇੰਦਰ ਕੌਰ ਸਣੇ ਔਰਤਾਂ ਨੂੰ ਹਿਰਾਸਤ ’ਚ ਲਿਆ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਸੈਂਕੜੇ ਮਹਿਲਾ ਭਾਜਪਾ ਵਰਕਰਾਂ ਨੇ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਵੱਲੋਂ ਰੋਕੇ ਜਾਣ ਕਾਰਨ ਮਹਿਲਾ ਮੋਰਚਾ ਦੀਆਂ ਕਾਰਕੁੰਨਾਂ ਕਾਂਗਰਸ ਦਫ਼ਤਰ ਤੱਕ ਤਾਂ ਨਹੀਂ ਪਹੁੰਚ ਸਕੀਆਂ, ਪਰ ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਲੰਬੀ ਝੜਪ ਹੋਈ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਸਣੇ ਔਰਤਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਪ੍ਰਦਰਸ਼ਨ ਦੌਰਾਨ ਔਰਤਾਂ ਨੇ ਨਾਅਰੇਬਾਜ਼ੀ ਕੀਤੀ ਤੇ ‘ਕਾਂਗਰਸ ਮੁਰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਖ਼ੁਲਾਸਾ ਕੀਤਾ ਕਿ ਜੇ.ਐੱਨ.ਯੂ. ਦੀਆਂ 11 ਵਿਦਿਆਰਥਣਾਂ ਨੇ ਪ੍ਰੋਫੈਸਰ ਤੇ ਕਾਂਗਰਸ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਈਜਮ ਤੇ ਜਿਨਸੀ ਸ਼ੋਸ਼ਣ ਤੇ ਮਾਨਸਿਕ ਤਸੀਹੇ ਦੇ ਗੰਭੀਰ ਦੋਸ਼ ਲਗਾਏ ਸਨ। ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਵੱਲੋਂ ਕੀਤੀ ਗਈ ਜਾਂਚ ’ਚ ਇਹ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਜੇ.ਐੱਨ.ਯੂ. ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ 9 ਅਕਤੂਬਰ 2026 ਨੂੰ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਯੂਨੀਵਰਸਿਟੀ ਦੀ ਸੇਵਾ ਤੋਂ ਬਰਖਾਸਤ ਕਰ ਦਿੱਤਾ। ਜੈ ਇੰਦਰ ਕੌਰ ਨੇ ਸਵਾਲ ਉਠਾਇਆ ਕਿ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਮਲਿਕਾਰਜੁਨ ਖੜਗੇ ਔਰਤਾਂ ਦੀ ਸੁਰੱਖਿਆ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਵਿਰੁੱਧ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ ਤੇ ਪੂਰੀ ਤਰ੍ਹਾਂ ਚੁੱਪ ਕਿਉਂ ਹਨ? ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇਕ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਾਂਗਰਸ ਲੀਡਰਸ਼ਿਪ ਪਾਸੋਂ ਮੰਗ ਕੀਤੀ ਕਿ ਰਾਹੁਲ ਗਾਂਧੀ ਦੋਸ਼ੀ ਸੰਸਦ ਮੈਂਬਰ ਨੂੰ ਤੁਰੰਤ ਕਾਂਗਰਸ ਪਾਰਟੀ ਤੋਂ ਬਾਹਰ ਕਰਨ ਅਤੇ ਉਨ੍ਹਾਂ ਦਾ ਲੋਕ ਸਭਾ ਤੋਂ ਅਸਤੀਫ਼ਾ ਦਿਵਾਉਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਲੀਡਰਸ਼ਿਪ ਪੀੜਤ 11 ਵਿਦਿਆਰਥਣਾਂ ਤੋਂ ਜਨਤਕ ਤੌਰ ਤੇ ਮਾਫ਼ੀ ਮੰਗੇ ਤੇ ਦੋਸ਼ੀ ਸੰਸਦ ਮੈਂਬਰ ਵਿਰੁੱਧ ਤੁਰੰਤ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।