'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਭਰਵਾਂ ਸਵਾਗਤ, ਉੱਮੜਿਆ ਜਨ-ਸੈਲਾਬ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਭਰਵਾਂ ਸਵਾਗਤ, ਸੈਣੀ ਦੀ ਅਗਵਾਈ 'ਚ ਉੱਮੜਿਆ ਜਨ-ਸੈਲਾਬ
Publish Date: Mon, 21 Sep 2026 09:29 PM (IST)
Updated Date: Tue, 22 Sep 2026 04:09 AM (IST)
ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਸਤਨਾਮ ਸੰਧੂ ਨੇ ਵੀ ਕੀਤੀ ਸ਼ਿਰਕਤ ਭਾਜਪਾ ਆਗੂਆਂ ਨੇ ਦੋ ਸਾਲਾਂ ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੀਤਾ ਦਾਅਵਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਵਿੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ ਤੇ ਪਹੁੰਚੀ, ਜਿੱਥੇ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਦੇਖ-ਰੇਖ ਹੇਠ ਕੀਤੇ ਗਏ ਪ੍ਰਬੰਧਾਂ ਅਤੇ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਨੇ ਇਸ ਯਾਤਰਾ ਨੂੰ ਇੱਕ ਵੱਡੇ ਜਨ ਅੰਦੋਲਨ ਵਿੱਚ ਬਦਲ ਦਿੱਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਏਕਤਾ ਨਾਗਪਾਲ ਸ਼ਾਮਿਲ ਹੋਏ। ਗੁਰਦਰਸ਼ਨ ਸਿੰਘ ਸੈਣੀ ਡੇਰਾਬੱਸੀ ਤੋਂ ਟਰੈਕਟਰਾਂ ਦੇ ਵੱਡੇ ਕਾਫਲੇ ਨਾਲ ਰੈਲੀ ਵਾਲੀ ਥਾਂ ਤੇ ਪਹੁੰਚੇ, ਜਿਸ ਵਿੱਚ ਮਨੋਜ ਤਿਵਾੜੀ ਵੀ ਟਰੈਕਟਰ ਤੇ ਸਵਾਰ ਹੋਏ। ਸੈਣੀ ਦੇ ਸਪੁੱਤਰ ਹਰਦੀਪ ਸਿੰਘ ਸੈਣੀ ਅਤੇ ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਦੀ ਟੀਮ ਨੇ ਆਗੂਆਂ ਦਾ ਨਿੱਘਾ ਸਵਾਗਤ ਕੀਤਾ। ਬਾਕਸ ਨਸ਼ਿਆਂ ਖ਼ਿਲਾਫ਼ ਵਿੱਢਿਆ ਜਾਵੇਗਾ ਨਿਰਣਾਇਕ ਯੁੱਧ : ਸੰਧੂ-ਤਿਵਾੜੀ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਨੂੰ ਤਬਾਹ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਅਗਲੇ ਦੋ ਸਾਲਾਂ ਅੰਦਰ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਸਾਂਸਦ ਮਨੋਜ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨਸ਼ਾ ਤਸਕਰੀ ਦਾ ਲੱਕ ਤੋੜਨ ਅਤੇ ਸੂਬੇ ਦੀ ਭਲਾਈ ਲਈ ਵਚਨਬੱਧ ਹੈ, ਅਤੇ ਇਹ ਯਾਤਰਾ ਸਿਆਸਤ ਤੋਂ ਉੱਪਰ ਉੱਠ ਕੇ ਹਰ ਘਰ ਨੂੰ ਜਾਗਰੂਕ ਕਰਨ ਦਾ ਉਪਰਾਲਾ ਹੈ। ਬਾਕਸ : ਹਲਕਾ ਡੇਰਾਬੱਸੀ ਮੁਹਿੰਮ ਨਾਲ ਚਟਾਨ ਵਾਂਗ ਖੜ੍ਹਾ : ਗੁਰਦਰਸ਼ਨ ਸੈਣੀ ਗੁਰਦਰਸ਼ਨ ਸਿੰਘ ਸੈਣੀ ਨੇ ਆਏ ਹੋਏ ਸਾਰੇ ਸੀਨੀਅਰ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਡੇਰਾਬੱਸੀ ਦਾ ਹਰ ਨਾਗਰਿਕ ਇਸ ਮੁਹਿੰਮ ਨਾਲ ਚਟਾਨ ਵਾਂਗ ਖੜ੍ਹਾ ਹੈ। ਇਸ ਮੌਕੇ ਹਰਦੀਪ ਸੈਣੀ ਤੇ ਹਰਪ੍ਰੀਤ ਸੈਣੀ ਦੀ ਟੀਮ ਨੇ ਮੁੱਖ ਆਗੂਆਂ ਦਾ ਸਨਮਾਨ ਕੀਤਾ। ਸਮਾਗਮ ਦੇ ਅੰਤ ਵਿੱਚ ਮੌਜੂਦ ਲੋਕਾਂ ਨੇ ਹੱਥ ਖੜ੍ਹੇ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਪੂਰਨ ਸਹਿਯੋਗ ਦੇਣ ਦਾ ਸੰਕਲਪ ਲਿਆ।