ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਹੁਣ ਮੋਬਾਈਲ ਤੋਂ ਹੋਣਗੇ ਅਸਟੇਟ ਆਫਿਸ ਦੇ ਕੰਮ; 'ਈ-ਸੰਪਦਾ CHD' ਐਪ ਲਾਂਚ ਚੰਡੀਗੜ੍ਹ ’ਚ ਅਸਟੇਟ ਆਫਿਸ ਨਾਲ ਜੁੜੇ ਕੰਮਾਂ ਲਈ 'ਈ-ਸੰਪਦਾ CHD' ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਇਸ ਰਾਹੀਂ ਸ਼ਹਿਰ ਵਾਸੀਆਂ ਨੂੰ ਘਰ ਬੈਠੇ ਆਨਲਾਈਨ ਸੇਵਾਵਾਂ ਮਿਲ ਸਕਣਗੀਆਂ।
Publish Date: Thu, 01 Oct 2026 04:10 PM (IST)
Updated Date: Thu, 01 Oct 2026 04:15 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਅਸਟੇਟ ਆਫਿਸ ਨਾਲ ਜੁੜੇ ਸਾਰੇ ਕੰਮ ਘਰ ਬੈਠੇ ਮੋਬਾਈਲ ਰਾਹੀਂ ਕੀਤੇ ਜਾ ਸਕਣਗੇ। ਇਸ ਲਈ 'ਈ-ਸੰਪਦਾ CHD' ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਰਾਮਦਰਬਾਰ ਦੇ ਕਮਿਊਨਿਟੀ ਸੈਂਟਰ ’ਚ ਲਗਾਏ ਗਏ ਸਮਾਧਾਨ ਕੈਂਪ ਤੋਂ ਪਹਿਲਾਂ ਇਸ ਐਪ ਨੂੰ ਲਾਂਚ ਕੀਤਾ।
ਇਹ ਐਪ ਫਿਲਹਾਲ ਗੂਗਲ ਪਲੇ ਸਟੋਰ ’ਤੇ ਐਂਡਰਾਇਡ ਯੂਜ਼ਰਾਂ ਲਈ ਉਪਲਬਧ ਹੈ। ਜਲਦ ਹੀ ਇਸ ਦਾ ਆਈਓਐਸ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ। ਐਪ ਦਾ ਮੁੱਖ ਉਦੇਸ਼ ਫੇਸਲੈੱਸ ਸਰਵਿਸ ਡਿਲਿਵਰੀ ਯਾਨੀ ਬਿਨਾਂ ਦਫ਼ਤਰ ਜਾਏ ਨਾਗਰਿਕਾਂ ਨੂੰ ਘਰ ਬੈਠੇ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਹੁਣ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਲੈ ਕੇ ਅੰਤਿਮ ਮਨਜ਼ੂਰੀ ਤੱਕ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ।
ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ? ਇਸ ਐਪ ਰਾਹੀਂ ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਚਣਗੇ। ਵਾਰ-ਵਾਰ ਅਸਟੇਟ ਆਫਿਸ ਜਾਣ, ਲਾਈਨਾਂ ’ਚ ਲੱਗਣ ਤੇ ਅਪਾਇੰਟਮੈਂਟ ਲੈਣ ਤੋਂ ਛੁਟਕਾਰਾ ਮਿਲੇਗਾ। ਪ੍ਰਾਪਰਟੀ ਖਰੀਦਣ ਵਾਲੇ ਲੋਕ ਐਪ 'ਤੇ ਹੀ ਟਾਈਟਲ ਚੈੱਕ ਕਰ ਸਕਣਗੇ, ਜਿਸ ਨਾਲ ਧੋਖਾਧੜੀ ਤੋਂ ਬਚਣ ’ਚ ਮਦਦ ਮਿਲੇਗੀ।
ਇਸ ਤੋਂ ਇਲਾਵਾ, ਬਿਨੈਕਾਰ ਰੀਅਲ-ਟਾਈਮ ’ਚ ਆਪਣੀ ਫਾਈਲ ਦੀ ਸਥਿਤੀ ਦੇਖ ਸਕਣਗੇ ਤੇ ਪਤਾ ਲਗਾ ਸਕਣਗੇ ਕਿ ਉਨ੍ਹਾਂ ਦੀ ਫਾਈਲ ਕਿਸ ਟੇਬਲ 'ਤੇ ਹੈ। ਜਿਹੜੇ ਲੋਕ ਸਮਾਰਟਫੋਨ ਨਹੀਂ ਚਲਾ ਸਕਦੇ, ਉਹ ਨਜ਼ਦੀਕੀ ਸੰਪਰਕ ਕੇਂਦਰ 'ਤੇ ਜਾ ਕੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ।
ਐਪ 'ਤੇ ਕਿਹੜੀਆਂ ਸਹੂਲਤਾਂ ਮਿਲਣਗੀਆਂ?
ਪ੍ਰਾਪਰਟੀ ਵੈਰੀਫਿਕੇਸ਼ਨ: ਕਿਸੇ ਵੀ ਜਾਇਦਾਦ ਦਾ ਵੇਰਵਾ ਤੇ ਰਿਕਾਰਡ ਆਨਲਾਈਨ ਦੇਖਿਆ ਜਾ ਸਕੇਗਾ।
ਪ੍ਰਾਪਰਟੀ ਟਰਾਂਸਫਰ: ਵਸੀਅਤ, ਸੇਲ ਡੀਡ ਜਾਂ ਕਨਵੈਂਸ ਡੀਡ ਦੇ ਆਧਾਰ 'ਤੇ ਮਾਲਕੀ ਟਰਾਂਸਫਰ ਕਰਨ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕੇਗੀ।
ਬਕਾਇਆ ਰਕਮ ਦੀ ਜਾਂਚ: ਜਾਇਦਾਦ 'ਤੇ ਕੋਈ ਵਿੱਤੀ ਦੇਣਦਾਰੀ ਜਾਂ ਬਕਾਇਆ ਹੈ ਜਾਂ ਨਹੀਂ, ਇਸ ਦੀ ਲਾਈਵ ਜਾਣਕਾਰੀ ਮਿਲ ਸਕੇਗੀ।
ਐਨਓਸੀ ਤੇ ਨੋ-ਡਿਊਜ਼ ਸਰਟੀਫਿਕੇਟ: ਐਨਓਸੀ ਤੇ ਨੋ-ਡਿਊਜ਼ ਸਰਟੀਫਿਕੇਟ ਲਈ ਸਿੱਧੇ ਐਪ ਰਾਹੀਂ ਅਪਲਾਈ ਕਰਨ ਤੇ ਡਾਊਨਲੋਡ ਕਰਨ ਦੀ ਸਹੂਲਤ ਹੋਵੇਗੀ।
ਐਪਲੀਕੇਸ਼ਨ ਸਟੇਟਸ ਟ੍ਰੈਕਿੰਗ: ਜਮ੍ਹਾਂ ਕੀਤੀ ਅਰਜ਼ੀ ਦੀ ਸਥਿਤੀ, ਵਿਭਾਗ ਵੱਲੋਂ ਲਾਈ ਗਈ ਕੋਈ ਇਤਰਾਜ਼ ਜਾਂ ਵਾਧੂ ਦਸਤਾਵੇਜ਼ਾਂ ਦੀ ਮੰਗ ਬਾਰੇ ਜਾਣਕਾਰੀ ਐਪ 'ਤੇ ਹੀ ਮਿਲੇਗੀ।
ਸ਼ਿਕਾਇਤ ਨਿਵਾਰਣ: ਜਾਇਦਾਦ ਨਾਲ ਜੁੜੀ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਨੂੰ ਦਰਜ ਕਰਨ ਤੇ ਉਸ ਦੀ ਸਥਿਤੀ ਟ੍ਰੈਕ ਕਰਨ ਦੀ ਸਹੂਲਤ ਮਿਲੇਗੀ।